ਬਲਾਚੌਰ (ਗੁਰਦੇਵ ਸਿੰਘ ਗਹੂੰਣ): ਸੰਯੁਕਤ ਕਿਸਾਨ-ਮਜ਼ਦੂਰ ਮੋਰਚੇ ਦੇ ਬਲਾਚੌਰ ਤਹਿਸੀਲ ਦੇ ਕਨਵੀਨਰ ਰਾਣਾ ਕਰਨ ਸਿੰਘ ਨੇ ਪਿੰਡ ਹਸਨਪੁਰ ਕਲਾਂ, ਭੇਡੀਆਂ ਬੇਟ, ਕੁਹਾਰ, ਘੁੜਕਾ ਅਤੇ ਬੱਛੂਆਂ ਬੇਟ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਲੰਪੀ (ਧਫੜੀ) ਰੋਗ ਤੋਂ ਪੀੜਤ ਪਸ਼ੂਆਂ ਦੇ ਮਾਲਕਾਂ ਨਾਲ ਮਿਲ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਬੀਮਾਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ। ਪਿੰਡ ਭੇਡੀਆਂ ਬੇਟ ਵਿੱਚ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਾਣਾ ਕਰਨ ਸਿੰਘ ਨੇ ਕਿਹਾ ਕਿ ਸਰਕਾਰ ਇਸ ਲੰਪੀ ਰੋਗ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਹੋਈ ਹੈ। ਉਨ੍ਹਾਂ ਕਿਹਾ ਕਿ ਪੂਰੇ ਬਲਾਚੌਰ ਇਲਾਕੇ ਵਿੱਚ ਸਿਰਫ ਪੰਜ ਸਰਕਾਰੀ ਡਾਕਟਰ ਕੰਮ ਕਰ ਰਹੇ ਹਨ, ਜਿਨ੍ਹਾਂ ਕੋਲ ਦਵਾਈਆਂ ਦੀ ਘਾਟ ਹੈ ਅਤੇ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ। ਦੋਂ ਕਿ ਪਸ਼ੂ ਪਾਲਕ ਇੱਕ ਪਾਸੇ ਮਾੜੀ ਆਰਥਿਕਤਾ ਨਾਲ ਜੂਝ ਰਹੇ ਹਨ ਅਤੇ ਦੂਜੇ ਪਾਸੇ ਪਸ਼ੂਆਂ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਮਹਿੰਗੀਆਂ ਦਵਾਈਆਂ ਵੀ ਉਨ੍ਹਾਂ ਨੂੰ ਪੱਲਿਓਂ ਹੀ ਲੈਣੀਆਂ ਪੈ ਰਹੀਆਂ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਦਾ ਅਵੇਸਲਾਪਣ ਜਾਰੀ ਰਿਹਾ ਅਤੇ ਹਾਲਾਤ ਨਾ ਸੁਧਰੇ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਅਵਤਾਰ ਕੌਰ ਸਰਪੰਚ, ਚਰਨ ਸਿੰਘ, ਅਸ਼ੋਕ ਕੁਮਾਰ, ਪਰਮਜੀਤ, ਲਾਲ ਚੰਦ, ਬਲਵੰਤ ਰਾਏ ਅਤੇ ਬਲਵਿੰਦ ਕੁਮਾਰ ਹਾਜ਼ਰ ਸਨ।