ਗੁਰਦੇਵ ਸਿੰਘ ਗਹੂੰਣ
ਬਲਾਚੌਰ, 7 ਮਈ
ਪੰਜਾਬ ਦੇ ਕੰਢੀ ਖੇਤਰ ’ਚ ਖੇਤੀਬਾੜੀ ਦੇ ਵਿਕਾਸ ਦੇ ਨਾਲ-ਨਾਲ ਹੋਰ ਖੇਤੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਹਿਤ ਨੀਤੀ ਭਵਨ ਨਵੀਂ ਦਿੱਲੀ ਵਿਖੇ ਪ੍ਰੋ. ਰਮੇਸ਼ ਚੰਦ ਨੀਤੀ ਆਯੋਗ ਮੈਂਬਰ ( ਖੇਤੀਬਾੜੀ) ਭਾਰਤ ਸਰਕਾਰ ਨਾਲ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਡਾਇਰੈਕਟਰ ਡਾ. ਮਨਮੋਹਨਜੀਤ ਸਿੰਘ, ਬਲਾਚੌਰ ਹਲਕੇ ਤੋਂ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਅਤੇ ਚੌਧਰੀ ਪ੍ਰੇਮ ਚੰਦ ਭੀਮਾ ਆਦਿ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਚੌਧਰੀ ਪ੍ਰੇਮ ਚੰਦ ਭੀਮਾ ਨੇ ਦੱਸਿਆ ਕਿ ਵਿਧਾਇਕ ਸੰਤੋਸ਼ ਕਟਾਰੀਆ ਨੇ ਕੰਢੀ ਖੇਤਰ ਵਿੱਚ ਸਿੰਜਾਈ ਲਈ ਪਾਣੀ ਦੀ ਘਾਟ, ਨੌਜਵਾਨ ਵਰਗ ਲਈ ਰੁਜ਼ਗਾਰ ਅਤੇ ਸਿਖਲਾਈ ਆਦਿ ਅਹਿਮ ਮੁੱਦੇ ਉਠਾਏ। ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਡਾਇਰੈਕਟਰ ਡਾ. ਮਨਮੋਹਨਜੀਤ ਸਿੰਘ ਨੇ ਕੰਢੀ ਇਲਾਕੇ ‘ਚ ਫਸਲਾਂ ਦੀ ਪ੍ਰੋਸੈਸਿੰਗ, ਜੈਵਿਕ ਖੇਤੀ, ਦਵਾਈਆਂ ਵਾਲੇ ਬੂਟਿਆਂ ਦੀ ਖੇਤੀ, ਐਗਰੋ ਟੂਰਿਜ਼ਮ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਸਬੰਧੀ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਦੌਰਾਨ ਪ੍ਰੋ. ਰਮੇਸ਼ ਚੰਦ ਨੂੰ ਬੱਲੋਵਾਲ ਸੌਂਖੜੀ ਵਿਖੇ ਖੇਤੀਬਾੜੀ ਕਾਲਜ ਖੋਲ੍ਹਣ ਵਿੱਚ ਨਿਭਾਈ ਅਹਿਮ ਭੂਮਿਕਾ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਸ਼ੋਕ ਕਟਾਰੀਆ ਵੀ ਮੌਜੂਦ ਸੀ।