ਪੱਤਰ ਪ੍ਰੇਰਕ
ਤਲਵਾੜਾ, 3 ਅਕਤੂਬਰ
ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫਿਸ਼ਰ’ਜ਼ ਯੂਨੀਅਨ, ਵਣ ਮੰਡਲ ਦਸੂਹਾ ਨੇ ਮਹਿਤਾਬਪੁਰ ਦੇ ਸਰਕਾਰੀ ਜੰਗਲ ’ਤੇ ਭੂ ਮਾਫੀਆ ਵੱਲੋਂ ਕੀਤੇ ਜਾ ਰਹੇ ਕਬਜ਼ੇ ਨੂੰ ਲੈ ਕੇ ਆਪਣੇ ਹੀ ਵਿਭਾਗ ਦੇ ਉਚ ਅਧਿਕਾਰੀਆਂ ’ਤੇ ਸਵਾਲ ਉਠਾਏ ਹਨ। ਇੱਥੇ ਯੂਨੀਅਨ ਦੀ ਹੰਗਾਮੀ ਮੀਟਿੰਗ ਮੰਡਲ ਉਪ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਵਿੱਚ ਵਣ ਰੇਂਜ ਤਲਵਾੜਾ, ਦਸੂਹਾ ਬੱਡਲਾ ਤੇ ਮੁਕੇਰੀਆਂ ਤੋਂ ਜੰਗਲਾਤ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਸਕੱਤਰ ਵਿਜੈ ਖੋਖਰ ਨੇ ਕੀਤੀ। ਹਾਜ਼ਰ ਮੁਲਾਜ਼ਮਾਂ ਨੇ ਵਣ ਰੇਂਜ਼ ਮੁਕੇਰੀਆਂ ਅਧੀਨ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲ ’ਚ ਭੂ ਮਾਫੀਆ ਵੱਲੋਂ ਬੂਟੇ ਵੱਢ ਕੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਦਾ ਸਖ਼ਤ ਵਿਰੋਧ ਕੀਤਾ। ਜੰਗਲਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਭੂ ਮਾਫੀਆ ’ਤੇ ਉਨ੍ਹਾਂ ਦੀਆਂ ਕਥਿਤ ਗਤੀਵਿਧੀਆਂ ਨੂੰ ਰੋਕਣ ’ਤੇ ਜਾਨਲੇਵਾ ਹਮਲਾ ਕਰਨ, ਧਮਕਾਉਣ ਆਦਿ ਦੇ ਦੋਸ਼ ਲਗਾਏ। ਯੂਨੀਅਨ ਨੇ ਜੰਗਲ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਵਿਸ਼ੇਸ਼ ਪੁਲੀਸ ਬਲ ਨੂੰ ਮਹਿਤਾਬਪੁਰ ’ਚ ਪੱਕੇ ਤੌਰ ’ਤੇ ਬਠਾਉਣ ਦੀ ਮੰਗ ਕੀਤੀ।