ਗੁਰਦੇਵ ਸਿੰਘ ਗਹੂੰਣ
ਬਲਾਚੌਰ, 22 ਸਤੰਬਰ
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਹਕੂਮਤ ਦੌਰਾਨ ਬਲਾਚੌਰ ਵਿਧਾਨ ਸਭਾ ਹਲਕੇ ਦਾ ਵੱਡੇ ਪੱਧਰ ’ਤੇ ਵਿਕਾਸ ਹੋਇਆ ਹੈ ਅਤੇ ਉਹ ਆਪਣੇ ਸੰਸਦੀ ਕੋਟੇ ਵਿੱਚੋਂ ਇਸ ਹਲਕੇ ਦੇ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਦੀਆਂ ਕਮੀਆਂ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੀ ਮਨੀਸ਼ ਤਿਵਾੜੀ ਬਲਾਚੌਰ ਹਲਕੇ ਦੇ ਧਕਧਾਣਾ, ਨਾਨੋਵਾਲ ਬੇਟ, ਦੁੱਗਰੀ ਬੇਟ ਅਤੇ ਭਰਥਲਾ ਆਦਿ ਪਿੰਡਾਂ ਦੇ ਵਿਕਾਸ ਕੰਮਾਂ ਲਈ 12 ਲੱਖ ਰੁਪਏ ਦੇ ਚੈੱਕ ਵੰਡ ਸਮਾਰੋਹ ਦੌਰਾਨ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਕੀਤੇ ਗਏ ਉਪਰਾਲਿਆਂ ਸਦਕਾ ਬਲਾਚੌਰ ਇਲਾਕੇ ਦਾ ਵੱਡੇ ਪੱਧਰ ’ਤੇ ਵਿਕਾਸ ਹੋਇਆ, ਜਿਸ ਵਿੱਚ ਬੱਲੋਵਾਲ ਸੌਂਖੜੀ ਵਿਖੇ ਖੇਤੀਬਾੜੀ ਕਾਲਜ ਦੀ ਸਥਾਪਨਾ ਸਮੇਤ ਇਲਾਕੇ ਦੀਆਂ ਸੜਕਾਂ ਦਾ ਨਿਰਮਾਣ ਅਤੇ ਹੋਰ ਵਿਕਾਸ ਪ੍ਰਾਜੈਕਟ ਸ਼ਾਮਲ ਹਨ। ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਬਲਾਚੌਰ ਵਿਧਾਨ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਉਨ੍ਹਾਂ ਦੀ ਤਰਜੀਹ ਰਹੀ ਹੈ। ਮੀਟਿੰਗਾਂ ਦੌਰਾਨ ਅਜੈ ਕੁਮਾਰ ਮੰਗੂਪੁਰ, ਸਤਬੀਰ ਸਿੰਘ ਪੱਲੀ ਝਿੱਕੀ, ਰਾਜਿੰਦਰ ਸਿੰਘ ਸ਼ਿੰਦੀ, ਤਿਲਕ ਰਾਜ ਸੂਦ, ਸਤੀਸ਼ ਨਈਅਰ, ਸਰਪੰਚ ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ, ਵਿਜੈ ਰਾਣਾ ਸਰਪੰਚ ਨਾਨੋਵਾਲ ਬੇਟ ਅਤੇ ਮੋਹਨ ਲਾਲ ਸੰਧੂ ਆਦਿ ਵੀ ਮੌਜੂਦ ਸਨ।