ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 20 ਸਤੰਬਰ
ਦੇਸ਼ ਦੀ ਸੱਤਾ ’ਤੇ ਸਿਆਸਤਦਾਨਾਂ ਅਤੇ ਕਾਰਪੋਰੇਟਾਂ ਦਾ ਗੱਠਜੋੜ ਕਾਬਜ਼ ਹੋ ਕੇ ਆਰਐੱਸਐੱਸ ਮੁਤਾਬਕ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਨੀਤੀਆਂ ਲਾਗੂ ਕਰ ਕੇ ਦੇਸ਼ ਦੀਆਂ ਅਦਾਲਤਾਂ, ਚੋਣ ਕਮਿਸ਼ਨ, ਦੇਸ਼ ਦੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਆਪਣੇ ਮੁਤਾਬਕ ਚਲਾ ਕੇ ਦੇਸ਼ ਦੇ ਸੰਘੀ ਢਾਂਚੇ ਦਾ ਘਾਣ ਕਰ ਰਹੇ ਹਨ, ਜੋ ਕਿ ਬੱਬਰ ਅਕਾਲੀਆਂ ਅਤੇ ਦੇਸ਼ ਭਗਤਾਂ ਵੱਲੋਂ ਜਾਨਾਂ ਵਾਰ ਕੇ ਲਈ ਆਜ਼ਾਦੀ ਦੇ ਸੁਪਨਿਆਂ ਦੇ ਬਿਲਕੁਲ ਉਲਟ ਹੈ। ਇਹ ਵਿਚਾਰ ਪਿੰਡ ਦੌਲਤਪੁਰ ਵਿੱਚ ਸੀਪੀਆਈ (ਐੱਮ) ਵੱਲੋਂ ਕੀਤੀ ਸ਼ਹੀਦੀ ਕਾਨਫਰੰਸ ਦੌਰਾਨ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰਗਟਾਏ। ਇਹ ਕਾਨਫਰੰਸ ਪਿੰਡ ਵਾਸੀਆਂ ਅਤੇ ਸ਼ਹੀਦ ਕੈਪਟਨ ਮਹਿਤਾ ਸਿੰਘ ਅਸ਼ੋਕ ਚੱਕਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਬੱਬਰ ਅਕਾਲੀ ਲਹਿਰ ਦੇ ਬੰਬੇਲੀ ਸਾਕੇ ਦੇ ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰੀ ਅਤੇ ਉਨ੍ਹਾਂ ਦੇ ਸ਼ਹੀਦ ਸਾਥੀ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਬੱਬਰ ਬਿਸ਼ਨ ਸਿੰਘ ਮਾਂਗਟ ਦੀ 99ਵੀਂ ਸ਼ਹੀਦੀ ਬਰਸੀ ਮੌਕੇ ਸ਼ਹੀਦ ਕੈਪਟਨ ਮਹਿਤਾ ਸਿੰਘ (ਅਸ਼ੋਕ ਚੱਕਰ) ਅਤੇ 1962 ਦੀ ਚੀਨ ਦੀ ਜੰਗ ਦੇ ਸ਼ਹੀਦ ਫੌਜਾ ਸਿੰਘ, ਕੈਪਟਨ ਨਸੀਬ ਸਿੰਘ (ਕੀਰਤੀ ਚੱਕਰ) ਅਤੇ ਪਿੰਡ ਦੇ ਹੋਰ ਬੱਬਰਾਂ ਅਤੇ ਦੇਸ਼ ਭਗਤਾਂ ਦੀ ਯਾਦ ਨੂੰ ਸਮਰਪਿਤ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਬੱਬਰ ਕਰਮ ਸਿੰਘ ਦੇ ਸ਼ਹੀਦੀ ਸਮਾਗਮ ਤੋਂ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਮਨਾਉਣ ਦੀ ਕੀਤੀ ਸ਼ੁਰੂਆਤ ਪਾਰਟੀ ਵਲੋਂ ਬੱਬਰਾਂ ਦੇ ਪਿੰਡਾਂ ਵਿੱਚ ਸਮਾਗਮ ਕਰਵਾ ਕੇ ਸਾਰਾ ਸਾਲ ਮਨਾਈ ਜਾਵੇਗੀ। ਕਾਨਫਰੰਸ ਨੂੰ ਪਾਰਟੀ ਦੇ ਸੂਬਾਈ ਆਗੂ ਰਾਮ ਸਿੰਘ ਨੂਰਪੁਰੀ, ਮਹਾਂ ਸਿੰਘ ਰੌੜੀ, ਕਿਸਾਨ ਆਗੂ ਬਲਜੀਤ ਸਿੰਘ ਗਰੇਵਾਲ ਅਤੇ ਚਰਨਜੀਤ ਸਿੰਘ ਦੌਲਤਪੁਰ ਨੇ ਸੰਬੋਧਨ ਕੀਤਾ।
ਸੇਖੋਂ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ
ਤਰਨ ਤਾਰਨ: ਸੀਪੀਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸ਼ੇਖੋਂ ਨੇ ਇੱਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ‘ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਦੇ ਹਿੱਤਾਂ ਨਾਲ ਖਿਲਾਵੜ ਕਰਨ ਵਾਲੀਆਂ ਕਰਾਰ ਦਿੱਤਾ। -ਪੱਤਰ ਪ੍ਰੇਰਕ