ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਅਗਸਤ
ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋ ਸਬ ਤਹਿਸੀਲ ਮਹਿਤਪੁਰ ਵਿੱਚ ਚੇਤਨਾ ਮਾਰਚ ਕੱਢਿਆ ਗਿਆ। ਇਹ ਮਾਰਚ ਦਾਣਾ ਮੰਡੀ ਤੋਂ ਸ਼ੁਰੂ ਹੋਇਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਮੋਟਰਸਾਈਕਲਾਂ ’ਤੇ ਪਿੰਡਾਂ ਵਿੱਚ ਚੇਤਨਾ ਮਾਰਚ ਰਾਹੀ ਫਿਰਕੂ ਤਾਕਤਾਂ ਵਿਰੁੱਧ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ। ਮਹਿਤਪੁਰ ਤੋਂ ਸ਼ੁਰੂ ਹੋ ਕੇ ਚੇਤਨਾ ਮਾਰਚ ਪਿੰਡ ਆਦਰਾਮਾਨ, ਲੋਹਗੜ੍ਹ, ਬਾਂਗੀਵਾਲ, ਸੰਗੋਵਾਲ, ਉਮਰਵਾਲ ਬਿੱਲੇ, ਮਹਿਸਮਪੁਰ, ਇਸਮਾਇਲਪੁਰ, ਤੰਦਾਊਰਾ ਆਦਿ ਪਿੰਡਾਂ ’ਚੋਂ ਹੁੰਦਾ ਹੋਇਆ ਮੁੜ ਮਹਿਤਪੁਰ ਵਿੱਚ ਅਕਾਸ਼ ਗੁਜਾਂਊ ਨਾਅਰਿਆਂ ਨਾਲ ਸੰਪਨ ਹੋਇਆ।
ਇਸ ਮੌਕੇ ਵੱਖ-ਵੱਖ ਪਿੰਡਾਂ ਵਿੱਚ ਰੈਲੀਆਂ ਕਰ ਕੇ ਮੋਦੀ ਹਕੂਮਤ ਦੇ ਫਾਸ਼ੀਵਾਦ ਨੂੰ ਹਰਾਉਣ ਲਈ ਲਾਮਬੰਦ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸੀਪੀਆਈ ਦੇ ਆਗੂ ਸੰਦੀਪ ਅਰੋੜਾ, ਸਿੰਕਦਰ ਸੰਧੂ, ਸੁਨੀਲ ਕੁਮਾਰ, ਅਤੇ ਆਰਐੱਮਪੀਆਈ ਦੇ ਆਗੂ ਨਿਰਮਲ ਮਲਸੀਆਂ, ਮੇਜਰ ਸਿੰਘ, ਰਾਮ ਸਿੰਘ ਕੈਮਵਾਲਾ ਆਦਿ ਨੇ ਕਿਹਾ ਕਿ ਮੋਦੀ ਹਕੂਮਤ ਦਿਨੋ ਦਿਨ ਡਿੱਗ ਰਹੀ ਦੇਸ਼ ਦੀ ਆਰਥਿਕਤਾ, ਡਾਲਰ ਮੁਕਾਬਲੇ ਰੁਪਏ ਦਾ ਮੂਧੇ ਮੂੰਹ ਡਿੱਗਣ ਅਤੇ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ’ਤੇ ਤੱਥਾ ਸਮੇਤ ਲਿਖਣ ਬੋਲਣ ਵਾਲੇ ਬੁੱਧੀਜੀਵੀਆਂ ਲੇਖਕਾਂ, ਪੱਤਰਕਾਰਾਂ, ਅਤੇ ਵਕੀਲਾ ਨੂੰ ਜੇਲ੍ਹੀ ਸੁੱਟਿਆ ਹੋਇਆ ਹੈ। ਉਨ੍ਹਾਂ ਮੋਦੀ ਹਕੂਮਤ ਦੀ ਇਸ ਫਾਸ਼ੀਵਾਦੀ ਏਜੰਡੇ ਮੂੰਹ ਤੋੜਵਾਂ ਜੁਆਬ ਦਿੰਦਿਆਂ ਮੰਗ ਕੀਤੀ ਹੈ ਕਿ ਜੇਲ੍ਹੀ ਡੱਕੇ ਸਾਰੇ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਲੇਖਕਾਂ ਨੂੰ ਤੁਰੰਤ ਰਿਹਆ ਕੀਤਾ ਜਾਵੇ। ਉਨ੍ਹਾ ਇਹ ਮੰਗ ਵੀ ਕੀਤੀ ਕਿ ਇੰਦਰ ਮੇਘਵਾਲ ਦੇ ਕਾਤਲ ਅਧਿਆਪਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਅਤੇ ਬਿਲਕੇਸ ਬਾਨੋ ਨਾਲ ਸਮੂਹਿਕ ਜਬਰ-ਜਨਾਹ ਕਰਨ ਵਾਲੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਤਲ ਕਰਨ ਵਾਲੇ ਦੇ ਮੁਲਜ਼ਮਾਂ ਦੀ ਸਜ਼ਾ ਮੁਆਫੀ ਕਰਨ ਦੀ ਨਿਖੇਧੀ ਕਰਦਿਆਂ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸਵਰਨ ਸਿੰਘ ਲੋਹਗੜ੍ਹ, ਰਮੇਸ਼ ਕੁਮਾਰ, ਜੋਗਿੰਦਰ ਸਿੰਘ, ਬਲਵੀਰ ਸਿੰਘ ਬਾਂਗੀਵਾਲ,ਤਾਰਾ ਸਿੰਘ ਥੰਮੂਵਾਲ ਆਦਿ ਹਾਜ਼ਰ ਸਨ।