ਗੁਰਮੀਤ ਖੋਸਲਾ
ਸ਼ਾਹਕੋਟ, 29 ਨਵੰਬਰ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਵੱਲੋਂ ਮਲਸੀਆਂ-ਨਕੋਦਰ ਰੋਡ ’ਤੇ ਉਸਾਰੇ ਵਰਿਆਮ ਸਿੰਘ ਦਾਹੀਆ ਮੈਮੋਰੀਅਲ ਹਸਪਤਾਲ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਦਾਹੀਆ ਪਰਿਵਾਰ ਨੇ ਇਹ ਹਸਪਤਾਲ ਖੋਲ੍ਹ ਕੇ ਇਲਾਕਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਉਤਸ਼ਾਹੀ ਕੰਮ ਕੀਤਾ ਹੈ। ਕਰੋਨਾ ਦਾ ਇਲਾਜ ਕਰਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਡਾਕਟਰਾਂ ਤੇ ਸਿਹਤ ਕਾਮਿਆਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਮੁੱਚਾ ਦੇਸ਼ ਹੀ ਸਦਾ ਇਨ੍ਹਾਂ ਦਾ ਰਿਣੀ ਰਹੇਗਾ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਸ ਪਰਿਵਾਰ ਕੋਲ ਪਰਿਵਾਰ ਕੋਲ ਵਿੱਦਿਆ ਦਾ ਭੰਡਾਰ ਹੋਵੇਗਾ, ਉਹੋ ਪਰਿਵਾਰ ਹੀ ਤਰੱਕੀ ਕਰੇਗਾ। ਸਿੱਖਿਆ ਦੇ ਡਿੱਗ ਰਹੇ ਮਿਆਰ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੂਜੇ ਸੂਬਿਆਂ ਨਾਲੋਂ ਬਹੁਤ ਜ਼ਿਆਦਾ ਪਛੜ ਗਿਆ ਹੈ। ਇਸ ਕਰਕੇ ਹੀ ਪੰਜਾਬ ਦੇ ਨੌਜਵਾਨ ਯੂਪੀਐੱਸਸੀ ਪ੍ਰੀਖਿਆ ਵਿੱਚੋਂ ਸਫ਼ਲਤਾ ਪ੍ਰਾਪਤ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪਹਿਲੇ ਸਮੇਂ ਵਿੱਚ ਚੰਗੀਆਂ ਜਾਇਦਾਦਾਂ ਵਾਲੇ ਪਰਿਵਾਰ ਰਾਜਨੀਤੀ ਵਿੱਚ ਅੱਗੇ ਆ ਗਏ, ਪਰ ਹੁਣ ਉਹੋ ਪਰਿਵਾਰ ਹੀ ਰਾਜਨੀਤੀ ਵਿੱਚ ਅੱਗੇ ਆਉਣਗੇ, ਜਿਨ੍ਹਾਂ ਕੋਲ ਵਿੱਦਿਆ ਦਾ ਚੋਖਾ ਖ਼ਜ਼ਾਨਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਦੀਆਂ ਮੁਸ਼ਕਿਲਾਂ ਨੂੰ ਝੱਲਦੇ ਹੋਏ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾਉਣ। ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਗੁਰਚਰਨ ਸਿੰਘ ਚਾਹਲ ਅਤੇ ਮੁਖਤਿਆਰ ਸਿੰਘ ਨੇ ਸੰਬੋਧਨ ਕੀਤਾ।
ਮਲਸੀਆਂ ਦੀਆਂ ਛੇ ਪੰਚਾਇਤਾਂ ਨੂੰ 1 ਕਰੋੜ ਦੀ ਗ੍ਰਾਂਟ ਦੇ ਚੈੱਕ ਵੰਡੇ
‘ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਸਿਰਤੋੜ ਯਤਨ ਕਰ ਰਹੀ ਹੈ। ਪੰਜਾਬ ਦੇ ਪਿੰਡਾਂ ਦਾ ਵਿਕਾਸ ਕਰਨ ਲਈ ਸਰਕਾਰ ਲਗਾਤਾਰ ਪਿੰਡਾਂ ਨੂੰ ਢੁਕਵੀਆਂ ਗ੍ਰਾਂਟਾਂ ਜਾਰੀ ਕਰ ਰਹੀ ਹੈ।’ ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿੰਡ ਮਲਸੀਆਂ ਵਿੱਚ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਰਾਸੀ ਵੰਡਣ ਸਮੇਂ ਕੀਤਾ। ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਕਿਹਾ ਕਿ ਹਲਕੇ ਨੂੰ ਮਾਡਲ ਹਲਕੇ ਵਜੋਂ ਵਿਕਸਤ ਕਰਨ ਲਈ ਉਹ ਲਗਾਤਾਰ ਹਲਕੇ ਦੇ ਵਿਕਾਸ ਵਾਸਤੇ ਯਤਨਸ਼ੀਲ ਹਨ। ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਨੇ ਪਿੰਡ ਮਲਸੀਆਂ ਦੀ ਪੱਤੀ ਸਾਹਲਾ ਨਗਰ, ਅਕਲਪੁਰ, ਮਲਸੀਆਂ, ਲਕਸੀਆਂ, ਖੁਰਮਪੁਰ ਅਤੇ ਹਵੇਲੀ ਪੱਤੀ ਨੂੰ ਇੱਕ ਕਰੋੜ ਰੁਪਏ ਦੀ ਗ੍ਰਾਂਟ ਦੇ ਚੈੱਕ ਤਕਸੀਮ ਕੀਤੇ।