ਪੱਤਰ ਪ੍ਰੇਰਕ
ਦਸੂਹਾ, 21 ਅਕਤੂਬਰ
ਇਥੇ ਨੇੜਲੇ ਪਿੰਡ ਖੋਖਰ ਦੇ ਕਿਸਾਨ ਰਸ਼ਪਾਲ ਸਿੰਘ ਦੀ ਧੀ ਮਨਜੋਤ ਕੌਰ ਬਾਜਵਾ ਨੇ ਜੱਜ ਬਣ ਕੇ ਜਿਥੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ, ਉਥੇ ਹੀ ਉਹ ਹੋਰਾਂ ਲੜਕੀਆਂ ਲਈ ਪ੍ਰੇਰਣਾਸਰੋਤ ਬਣੀ ਹੈ। ਉਸ ਨੇ ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਪ੍ਰੀਖਿਆ ਦੀ ਜਨਰਲ ਕੈਟਾਗਰੀ ਵਿੱਚ 38ਵਾਂ ਰੈਂਕ ਪ੍ਰਾਪਤ ਕੀਤਾ ਹੈ। ਮਨਜੋਤ ਕੌਰ ਦੇ ਇਸ ਮੁਕਾਮ ’ਤੇ ਪੁੱਜਣ ’ਤੇ ਪਿੰਡ ਖੋਖਰ ਵਿੱਚ ਖੁਸ਼ੀ ਦਾ ਮਾਹੌਲ ਹੈ। ਮਨਜੋਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਸੁੱਖ ਸਾਗਰ ਇੰਟਰਨੈਸ਼ਨਲ ਸਕੂਲ ਤੋਂ ਤੇ ਗ੍ਰੈਜੂਏਟ ਤੱਕ ਦੀ ਪੜ੍ਹਾਈ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਤੋਂ ਮੁਕੰਮਲ ਕੀਤੀ ਹੈ। ਮਨਜੋਤ ਕੌਰ ਦੀ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਘਰ ’ਚ ਗਰੀਬੀ ਹੋਣ ਕਾਰਨ ਉਸ ਨੂੰ ਪੜ੍ਹਾਈ ਦੌਰਾਨ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੀ ਧੀ ਨੇ ਆਪਣੇ ਬੁਲੰਦ ਹੌਸਲੇ ਨਾਲ ਆਪਣਾ ਸੁਪਨਾ ਸਾਕਾਰ ਕੀਤਾ। ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਮਨਜੋਤ ਕੌਰ ਦੀ ਇਸ ਉਪਲੱਬਧੀ ’ਤੇ ਉਸ ਦਾ ਸਨਮਾਨ ਕੀਤਾ।
ਖੇਡਾਂ: ਵਿਧਾਇਕ ਨੇ ਜੇਤੂਆਂ ਨੂੰ ਇਨਾਮ ਵੰਡੇ
ਇਥੇ ਪੰਚਾਇਤ ਸਮਿਤੀ ਸਟੇਡੀਅਮ ਵਿੱਚ ਕਰਵਾਈਆਂ ਬਲਾਕ ਦਸੂਹਾ-2 ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਦੇ ਆਖਰੀ ਦਿਨ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਮੁੱਖ ਮਹਿਮਾਨ ਵਜੋਂ ਪੁੱਜੇ। ਬੀਐੱਨਓ ਬਲਜੀਤ ਸਿੰਘ ਅਤੇ ਸੀਐੱਚਟੀ ਦੇਸਰਾਜ, ਇਕਬਾਲ ਸਿੰਘ, ਰਾਜੇਸ਼ ਸ਼ਰਮਾ, ਹਰਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕਰਨ ਮਗਰੋਂ ਵਿਧਾਇਕ ਘੁੰਮਣ ਤੋਂ ਮੰਗ ਕੀਤੀ ਕਿ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਲਈ ਸਰਕਾਰੀ ਪੱਧਰ ’ਤੇ ਵੀ ਫੰਡ ਜਾਰੀ ਕੀਤੇ ਜਾਣ ਅਤੇ ਖਿਡਾਰੀਆਂ ਨੂੰ ਖੇਡ ਕਿੱਟਾਂ ਤੇ ਖੇਡਾਂ ਦਾ ਹੋਰ ਸਾਮਾਨ ਮੁਹੱਇਆ ਕਰਵਾਇਆ ਜਾਵੇ। ਇਨਾਮ ਵੰਡ ਸਮਾਗਮ ’ਚ ਵਿਧਾਇਕ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਹਰ ਸਾਲ ਆਪਣੇ ਖਰਚੇ ’ਤੇ ਖੇਡਾਂ ਕਰਵਾਉਣ ਦੇ ਉਪਰਾਲੇ ਦੀ ਬਲਾਕ ਦੇ ਸਮੂਹ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ। ਘੁੰਮਣ ਨੇ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਦੇ ਖ਼ਰਚੇ ਦਾ ਬੀੜਾ ਚੁੱਕਣ ਦਾ ਐਲਾਨ ਕਰਦਿਆਂ ਭਰੋਸਾ ਦਿੱਤਾ ਕਿ ਉਹ ਜਲਦ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰਕੇ ਪ੍ਰਾਇਮਰੀ ਖੇਡਾਂ ਲਈ ਫੰਡ ਜਾਰੀ ਕਰਵਾਉਣਗੇ।