ਗੁਰਦੇਵ ਸਿੰਘ ਗਹੂੰਣ
ਬਲਾਚੌਰ, 13 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਬਪੱਖੀ ਵਿਕਾਸ ਰਾਹੀਂ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਹੈ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਅੱਜ ਹਲਕਾ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਚੇਅਰਮੈਨ ਪਵਨ ਦੀਵਾਨ ਅਤੇ ਹੋਰਨਾਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਬਲਾਚੌਰ ਹਲਕੇ ਦੇ ਪਿੰਡ ਰੋੜੀ ਵਿੱਚ 11 ਲੱਖ ਰੁਪਏ ਦੇ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਪਿੰਡਾਂ ਦਾ ਇੰਨਾ ਵਿਕਾਸ ਪਹਿਲਾਂ ਕਦੇ ਨਹੀਂ ਹੋਇਆ, ਜਿੰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਲ ਖੋਲ੍ਹ ਕੇ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਲਾਚੌਰ ਹਲਕੇ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ ਅਤੇ ਇਥੇ ਕਈ ਅਹਿਮ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡ ਬੱਲੋਵਾਲ ਸੌਂਖੜੀ ਵਿੱਚ 34 ਕਰੋੜ ਰੁਪਏ ਦੀ ਲਾਗਤ ਨਾਲ ਖੇਤੀਬਾੜੀ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਗਸਤ ਤੋਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਹਲਕੇ ਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਚਾਅ ਲਈ ਆਪਣੇ ਪਿੰਡਾਂ ਵਿਚ 100 ਫੀਸਦੀ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਿਹੜਾ ਵੀ ਪਿੰਡ ਇਹ ਟੀਚਾ ਪ੍ਰਾਪਤ ਕਰੇਗਾ, ਪੰਜਾਬ ਸਰਕਾਰ ਵੱਲੋਂ ਉਸ ਨੂੰ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਹਰਜੀਤ ਸਿੰਘ ਜਾਡਲੀ, ਚੇਅਰਮੈਨ ਪੰਚਾਇਤ ਸੰਮਤੀ ਸੜੋਆ ਗੌਰਵ ਕੁਮਾਰ, ਵਾਈਸ ਚੇਅਰਮੈਨ ਸਤੀਸ਼ ਕੁਮਾਰ, ਐਸ. ਡੀ. ਐਮ ਦੀਪਕ ਰੁਹੇਲਾ, ਡੀ. ਐਸ. ਪੀ ਤਰਲੋਚਨ ਸਿੰਘ, ਬੀ. ਡੀ. ਪੀ. ਓ ਰਵਿੰਦਰ ਸਿੰਘ, ਸਰਪੰਚ ਹਰਜਿੰਦਰ ਸਿੰਘ ਤੋਂ ਇਲਾਵਾ ਸਬੰਧਤ ਇਲਾਕਿਆਂ ਦੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।