ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਜੂਨ
ਕਮਿਸ਼ਨਰੇਟ ਪੁਲੀਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਇਕ ਵਿਅਕਤੀ ਨੂੰ ਦੋ ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਏਡੀਸੀਪੀ ਗੁਰਬਾਜ ਸਿੰਘ ਅਤੇ ਏਸੀਪੀਡੀ ਨਿਰਮਲ ਸਿੰਘ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਦਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਗੁਰੂ ਨਾਨਕਪੁਰਾ ਰੋਡ ’ਤੇ ਰੇਲਵੇ ਕਲੋਨੀ ਕੋਲੋਂ ਇਕ ਵਿਅਕਤੀ ਪੈਦਲ ਆ ਰਿਹਾ ਸੀ। ਪੁਲੀਸ ਨੂੰ ਦੇਖ ਕੇ ਉਹ ਪਿੱਛੇ ਮੁੜ ਪਿਆ। ਪੁਲੀਸ ਟੀਮ ਨੂੰ ਸ਼ੱਕ ਪੈਣ ’ਤੇ ਜਦੋਂ ਉਸ ਨੂੰ ਕਾਬੂ ਕਰਕੇ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਦੋ ਕਿਲੋ ਅਫੀਮ ਬਰਾਮਦ ਹੋਈ। ਫੜੇ ਗਏ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਵਾਸੀ ਸ਼ਾਹਜਹਾਨਪੁਰ ਉੱਤਰ ਪ੍ਰਦੇਸ ਵਜੋਂ ਹੋਈ ਹੈ। ਉਸ ਵਿਰੁੱਧ ਥਾਣਾ ਨਵੀਂ ਬਾਰਾਂਦਰੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ।