ਜਸਬੀਰ ਸਿੰਘ ਚਾਨਾ
ਫਗਵਾੜਾ, 20 ਸਤੰਬਰ
ਸਤਨਾਮਪੁਰਾ ਪੁਲੀਸ ਨੇ ਲੁੱਟ ਖੋਹ ਕਰਨ ਵਾਲੀ ਔਰਤ ਅਤੇ ਮਰਦ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਲੁੱਟ ਦੀ ਸਕੂਟਰੀ ਬਰਾਮਦ ਕਰਕੇ ਧਾਰਾ 379-ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ।ਐੱਸ.ਪੀ ਮੁਖਤਿਆਰ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਕਰਤਾ ਅਸ਼ੋਕ ਕੁਮਾਰ ਪੁੱਤਰ ਜੋਗਿੰਦਰਪਾਲ ਵਾਸੀ ਮੁਹੱਲਾ ਪ੍ਰੇਮਪੁਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 17 ਸਤੰਬਰ ਨੂੰ ਉਹ ਆਪਣੀ ਸਕੂਟਰੀ ਨੰਬਰ ਪੀ.ਬੀ- 36 ਜੇ 0286 ਪਰ ਆਪਣੇ ਭਰਾ ਨੂੰ ਮਿਲਣ ਲਈ ਸੌਫ਼ੀ ਪਿੰਡ ਨੂੰ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ’ਚ ਇੱਕ ਲੜਕੇ ਤੇ ਲੜਕੀ ਨੇ ਰੋਕ ਲਿਆ ਤੇ ਦਾਤਰ ਦਿਖਾ ਕੇ ਉਸ ਕੋਲੋਂ ਸਕੂਟਰੀ ਤੇ ਮੋਬਾਈਲ ਫ਼ੋਨ ਖੋਹ ਲਿਆ। ਉਨ੍ਹਾਂ ਦੱਸਿਆ ਕਿ ਐੱਸ.ਐੱਚ.ਓ ਸਤਨਾਮਪੁਰਾ ਜਤਿੰਦਰ ਕੁਮਾਰ ਤੇ ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਦੀ ਅਗਵਾਈ ’ਚ ਬਣਾਈ ਟੀਮ ਨੇ ਇਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰਕੇ ਔਰਤ ਅਤੇ ਮਰਦ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਖੋਹੀ ਹੋਈ ਐਕਟਿਵਾ ਬਰਾਮਦ ਕਰ ਲਈ ਹੈ ਜਦਕਿ ਇਨ੍ਹਾਂ ਨੇ ਦੱਸਿਆ ਕਿ ਖੋਹਿਆ ਹੋਇਆ ਮੋਬਾਈਲ ਕਿਤੇ ਸੁੱਟ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਿਮਾਂ ਦੀ ਪਛਾਣ ਸੰਨੀ ਪੁੱਤਰ ਤਰਸੇਮ ਵਾਸੀ ਪਿੰਡ ਹਰਾਦਸਪੁਰ ਤੇ ਰੁਕਸਾਨਾ ਪਤਨੀ ਮੰਗਲ ਸਿੰਘ ਵਾਸੀ ਨੇੜੇ ਡੇਰਾ ਬਾਲਾ ਪਰਮਾ ਨੰਦ ਚੱਕ ਹਕੀਮ ਵਜੋਂ ਹੋਈ ਹੈ। ਐੱਸ.ਐੱਚ.ਓ ਨੇ ਦੱਸਿਆ ਕਿ ਇਨ੍ਹਾਂ ਪਾਸੋਂ ਇੱਕ ਮੋਟਰਸਾਈਕਲ ਵੀ ਪੁਲੀਸ ਨੇ ਬਰਾਮਦ ਕੀਤਾ ਹੈ।ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।