ਜੇ.ਬੀ. ਸੇਖੋਂ
ਗੜ੍ਹਸ਼ੰਕਰ, 8 ਸਤੰਬਰ
ਗੜ੍ਹਸ਼ੰਕਰ ਇਲਾਕੇ ਦੇ ਕਈ ਪਿੰਡਾਂ ਵਿੱਚ ਪਿਛਲੇ ਕਰੀਬ ਇਕ ਮਹੀਨੇ ਤੋਂ ਮੀਂਹ ਨਾ ਪੈਣ ਕਰਕੇ ਸਾਉਣੀ ਦੀਆਂ ਫ਼ਸਲਾਂ ਖੇਤਾਂ ਵਿੱਚ ਸੁੱਕ ਰਹੀਆਂ ਹਨ। ਇਸ ਔੜ ਦਾ ਸਭ ਤੋਂ ਜ਼ਿਆਦਾ ਅਸਰ ਮੱਕੀ ਦੀ ਫਸਲ ’ਤੇ ਪੈ ਰਿਹਾ ਹੈ ਜਦਕਿ ਸਬਜ਼ੀਆਂ ਦੇ ਕਾਸ਼ਤਕਾਰ ਵੀ ਮੀਂਹ ਨਾ ਪੈਣ ਕਾਰਨ ਮਾਯੂਸ ਹਨ। ਔੜ ਲੱਗਣ ਨਾਲ ਖੇਤਾਂ ਵਿੱਚ ਮੱਕੀ ਦੀ ਫਸਲ ਸੁੱਕ ਗਈ ਹੈ ਅਤੇ ਕਈ ਥਾਵਾਂ ’ਤੇ ਮੱਕੀ ਦੇ ਕਾਸ਼ਤਕਾਰਾਂ ਨੇ ਮੱਕੀ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਇਕ ਪਾਸੇ ਮੀਂਹ ਨਾ ਪੈਣ ਕਰਕੇ ਸਾਉਣੀ ਦੇ ਕਾਸ਼ਤਕਾਰ ਪ੍ਰੇਸ਼ਾਨ ਹਨ। ਦੂਜੇ ਪਾਸੇ ਸਤੰਬਰ ਮਹੀਨੇ ਦੇ ਕਰੀਬ ਦੋ ਹਫਤੇ ਲੰਘਣ ਦੇ ਬਾਵਜੂਦ ਗਰਮੀ ਦੇ ਮੌਸਮ ਵਿੱਚ ਕੋਈ ਤਬਦੀਲੀ ਨਾ ਹੋਣ ਕਰਕੇ ਕਾਸ਼ਤਕਾਰਾਂ ਦੀ ਮੁਸ਼ਕਿਲਾਂ ਹੋਰ ਵਧ ਰਹੀਆਂ ਹਨ।
ਮੱਕੀ ਦੇ ਕਾਸ਼ਤਕਾਰ ਬਲਵੀਰ ਸਿੰਘ ਬੀਣੇਵਾਲ ਅਨੁਸਾਰ ਇਸ ਵੇਲੇ ਮੱਕੀ ਦੀ ਫਸਲ ਕਟਾਈ ਨੇੜੇ ਪੁੱਜ ਗਈ ਹੈ ਪਰ ਮੀਂਹ ਨਾ ਪੈਣ ਕਰਕੇ ਮੱਕੀ ਦੀ ਫ਼ਸਲ ਬਰਬਾਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਵਿੱਚ ਵਧ ਰਹੀ ਗਰਮੀ ਕਿਸਾਨਾਂ ਲਈ ਹੋਰ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤ ਦੇ ਇਲਾਕੇ ਦੀ ਦੇਸੀ ਮੱਕੀ ਦੀ ਪੂਰੇ ਪੰਜਾਬ ਵਿੱਚ ਵੱਡੀ ਮੰਗ ਹੁੰਦੀ ਹੈ ਅਤੇ ਮੱਕੀ ਦੇ ਕਾਸ਼ਤਕਾਰ ਦੇਸੀ ਮੱਕੀ ਬੀਜ ਕੇ ਹਰ ਸਾਲ ਚੰਗਾ ਮੁਨਾਫਾ ਕਮਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸਹੀ ਸਮੇਂ ’ਤੇ ਮੀਂਹ ਨਾ ਪੈਣ ਕਾਰਨ ਕਾਸ਼ਤਕਾਰਾਂ ਦੇ ਚਿਹਰੇ ਮੁਰਝਾ ਗਏ ਹਨ। ਉਨ੍ਹਾਂ ਕਿਹਾ ਕਿ ਔੜ ਲੱਗਣ ਤੇ ਗਰਮੀ ਦੇ ਵਾਧੇ ਨਾਲ ਪਸ਼ੂਆਂ ਦਾ ਹਰਾ ਚਾਰਾ ਵੀ ਸੁੱਕ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਗੜ੍ਹਸ਼ੰਕਰ ਦਾ ਇਲਾਕਾ ਪੂਰੇ ਪੰਜਾਬ ਦੀ ਮੱਕੀ ਦਾ ਕਰੀਬ ਸੱਠ ਫੀਸਦੀ ਹਿੱਸਾ ਪੈਦਾ ਕਰਦਾ ਹੈ ਅਤੇ ਸਰਕਾਰ ਵੱਲੋਂ ਸੈਲਾ ਖੁਰਦ ਦੀ ਅਨਾਜ ਮੰਡੀ ਵਿੱਚ ਮੱਕੀ ਦੀ ਫਸਲ ਸੁਕਾਉਣ ਲਈ ਲੱਖਾਂ ਦੀ ਲਾਗਤ ਨਾਲ ਮੱਕੀ ਡਰਾਇਰ ਯੰਤਰ ਵੀ ਲਗਾਇਆ ਗਿਆ ਹੈ ਪਰ ਇਸ ਸਾਲ ਔੜ ਲੱਗਣ ਨਾਲ ਮੱਕੀ ਦੇ ਕਾਸ਼ਤਕਾਰਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਇਸ ਬਾਰੇ ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਪੰਜਾਬ ਕਿਸਾਨ ਸਭਾ ਦੇ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਔੜ ਲੱਗਣ ਕਾਰਨ ਮੱਕੀ ਦੇ ਕਾਸ਼ਤਕਾਰਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਮੱਕੀ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦੀ ਰਕਮ ਦਾ ਪ੍ਰਬੰਧ ਕਰਨਾ ਚਾਹੀਦਾ ਹੈ।