ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਅਗਸਤ
ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ ਨੌਂ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਵੱਖ-ਵੱਖ ਵਿਦਵਾਨਾਂ ਦੇ ਲੇਖਾਂ ਵਾਲੇ ਮੈਗਜ਼ੀਨ ‘ਆਪਣੀ ਆਵਾਜ਼’ ਦਾ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ। ਇਸ ਅੰਕ ਵਿਚ ਕਿਸਾਨ ਅੰਦੋਲਨ ਬਾਰੇ ਕਵਿਤਾਵਾਂ ਅਤੇ ਵਿਦਵਾਨਾਂ ਤੇ ਕਿਸਾਨ ਆਗੂਆਂ ਦੇ ਲੇਖ ਹਨ। ਪੰਜਾਬ ਪ੍ਰੈੱਸ ਕਲੱਬ ਵਿਚ ਕੀਤੇ ਗਏ ਸੰਖੇਪ ਸਮਾਗਮ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਡਾ. ਸੁਰਜੀਤ ਪਾਤਰ, ਡਾ. ਜਸਪਾਲ ਸਿੰਘ ਰੰਧਾਵਾ, ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਕੀਤੀ। ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਪਰਵਾਸੀ ਸਾਹਿਤਕਾਰ ਸੁਰਿੰਦਰ ਸਿੰਘ ਸੁੱਨੜ ਨੇ ਦੱਸਿਆ ਕਿ ਇਹ ਮੈਗਜ਼ੀਨ ਗੁਰਮੁਖੀ ਤੇ ਸ਼ਾਹਮੁਖੀ ਦੋਹਾਂ ਲਿੱਪੀਆਂ ’ਚ ਛਪਿਆ ਕਰੇਗਾ ਤੇ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਦੀ ਆਵਾਜ਼ ਬਣੇਗਾ। ਸਮਾਗਮ ਵਿੱਚ ਮੈਗਜ਼ੀਨ ਦੇ ਮਹਿਮਾਨ ਸੰਪਾਦਕ ਚੇਤਨ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਐਲਾਨ ਕੀਤਾ ਗਿਆ ਕਿ ਹਰ ਸਾਲ ਪੰਜਾਬੀ ਸਾਹਿਤ ਅਤੇ ਸਭਿਆਚਾਰ ਲਈ ਸਹਿਯੋਗ ਪਾਉਣ ਵਾਲੀ ਇਕ ਸ਼ਖ਼ਸੀਅਤ ਨੂੰ ਇਕ ਲੱਖ ਰੁਪਏ ਦਾ ਸਨਮਾਨ ਦਿੱਤਾ ਜਾਵੇਗਾ ਅਤੇ ਪੰਜਾਬੀ ਸਾਹਿਤਕਾ ਰਾਂ ਦੀਆਂ ਕਿਤਾਬਾਂ ਦੋਹਾਂ ਲਿੱਪੀਆਂ ਸ਼ਾਹਮੁਖੀ ਅਤੇ ਗੁਰਮੁਖੀ ਵਿੱਚ ਛਾਪੀਆਂ ਜਾਣਗੀਆਂ। ਪਹਿਲੀ ਕਿਤਾਬ ਡਾਕਟਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦੀ ਹੋਵੇਗੀ।
ਪੁਸਤਕ ‘ਤੇਰੀ ਕੁਦਰਤ ਤੂੰ ਹੀ ਜਾਣੇ’ ਰਿਲੀਜ਼
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇਥੇ ਬਸਤੀ ਸ਼ੇਖ ਸਥਿਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਗਿਆਨੀ ਗੁਰਮੀਤ ਸਿੰਘ ਨੇ ਕਥਾ ਤੇ ਗੁਰਮਤਿ ਵਿਚਾਰਾਂ ਦੁਆਰਾ ਹਾਜ਼ਰੀ ਲਗਵਾਈ ਜਦਕਿ ਹਜ਼ੂਰੀ ਰਾਗੀ ਭਾਈ ਦਲੇਰ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਇਸ ਮੌਕੇ ਪੰਜਾਬੀ ਕਵੀ ਮਾਸਟਰ ਮਹਿੰਦਰ ਸਿੰਘ ਅਨੇਜਾ ਦੁਆਰਾ ਲਿਖਤ ਛੇਵੀਂ ਪੁਸਤਕ ‘ਤੇਰੀ ਕੁਦਰਤ ਤੂੰ ਹੀ ਜਾਣੇ’ ਰਿਲੀਜ਼ ਕੀਤੀ ਗਈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਸਿੱਧ ਸਾਹਿਤਕਾਰ ਅਤੇ ਪੱਤਰਕਾਰ ਕੁਲਦੀਪ ਸਿੰਘ ਬੇਦੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਮਾਸਟਰ ਅਨੇਜਾ ਨੂੰ ਨਵੀਂ ਪੁਸਤਕ ਰਿਲੀਜ਼ ਹੋਣ ’ਤੇ ਵਧਾਈ ਦਿੱਤੀ।