ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਅਗਸਤ
ਲੰਪੀ ਸਕਿਨ ਤੋਂ ਪ੍ਰਭਾਵਿਤ ਪਸ਼ੂ ਦੇ ਮਾਲਕਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰ ਨੂੰ ਕਿਹਾ ਹੈ ਕਿ ਸੱਤ ਤੋਂ ਵੱਧ ਸੂਬਿਆਂ ਵਿੱਚ ਪਸ਼ੂਆਂ ਵਿੱਚ ਵਿਆਪਕ ਪੱਧਰ ’ਤੇ ਫੈਲ ਚੁੱਕੀ ਐਲਐਸਡੀ ਨਾਮੀ ਛੂਤ ਦੀ ਬਿਮਾਰੀ ਨੂੰ ਤੁਰੰਤ ਮਹਾਮਾਰੀ ਐਲਾਨਿਆ ਜਾਵੇ। ਕੇਂਦਰੀ ਮੱਛੀ ਪਾਲਣ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰਾਂ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਇਸ ਰੋਗ ਨੂੰ ਕੌਮੀ ਆਫ਼ਤ ਵਜੋਂ ਐਲਾਨਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਣੇ ਭਾਰਤ ਦੇ ਕਈ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂ ਪ੍ਰਭਾਵਿਤ ਹੋਏ ਹਨ।
ਸਨਅਤਕਾਰਾਂ ਨੂੰ ਰਾਹਤ ਦੇਣ ਦੀ ਤਰਜ਼ ’ਤੇ ਪਸ਼ੂ ਧਨ ਨਾਲ ਇਸ ਸਥਿਤੀ ਵਿੱਚ ਹੋ ਰਹੇ ਵਿਤਕਰੇ ਦੇ ਮੱਦੇਨਜ਼ਰ ਮਹਿਲਾ ਕਿਸਾਨ ਆਗੂ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਲੱਖਾਂ ਪਸ਼ੂ ਪੀੜਤ ਹਨ ਤੇ ਹਜ਼ਾਰਾਂ ਦੀ ਮੌਤ ਹੋ ਗਈ ਹੈ। ਪਸ਼ੂ ਮਰਨ ਤੇ ਇਲਾਜ ਲਈ ਮਹਿੰਗੀਆਂ ਦਵਾਈਆਂ ਨਾਲ ਪਸ਼ੂ ਮਾਲਕਾਂ ਦਾ ਨੁਕਸਾਨ ਹੋ ਰਿਹਾ ਹੈ।
ਬੀਬਾ ਰਾਜੂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਇੱਕ ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਹਨ ਅਤੇ ਲਗਭਗ 40,000 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਮੌਜੂਦਾ ਸਥਿਤੀ ਮੁਤਾਬਿਕ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਲਈ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਬੀਬਾ ਰਾਜੂ ਨੇ ਸੂਰ ਪਾਲਕਾਂ ਲਈ ਵੀ ਮੁਆਵਜ਼ੇ ਦੀ ਮੰਗ ਕੀਤੀ ਹੈ।