ਜੇ.ਬੀ. ਸੇਖੋਂ
ਗੜ੍ਹਸ਼ੰਕਰ, 11 ਅਗਸਤ
ਗੜ੍ਹਸ਼ੰਕਰ ਇਲਾਕੇ ’ਚ ਅੱਜ-ਕੱਲ੍ਹ ਪਾਲਤੂ ਪਸ਼ੂਆਂ ਵਿੱਚ ਚਮੜੀ ਰੋਗ ਫੈਲਣ ਕਾਰਨ ਪਸ਼ੂ ਪਾਲਕ ਪ੍ਰੇਸ਼ਾਨ ਹਨ। ਦੂਜੇ ਪਾਸੇ ਸ਼ਹਿਰ ਦੇ ਸਿਵਲ ਪਸ਼ੂ ਹਸਪਤਾਲ ਵਿੱਚ ਵੈਟਰਨਰੀ ਡਾਕਟਰਾਂ ਤੇ ਹੋਰ ਅਮਲੇ ਦੀ ਘਾਟ ਹੈ। ਅਜਿਹੀ ਸਥਿਤੀ ਵਿੱਚ ਪਸ਼ੂ ਪਾਲਕਾਂ ਨੂੰ ਪ੍ਰਾਈਵੇਟ ਤੌਰ ’ਤੇ ਕੰਮ ਕਰਦੇ ਅਖੌਤੀ ਡਾਕਟਰਾਂ ਦੀਆਂ ਮਹਿੰਗੀਆਂ ਸੇਵਾਵਾਂ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਗਾਵਾਂ, ਮੱਝਾਂ ਅਤੇ ਹੋਰ ਪਾਲਤੂ ਪਸ਼ੂਆਂ ਵਿੱਚ ਧੱਫੜੀ ਰੋਗ ਵਧ ਗਿਆ ਹੈ ਜਿਸ ਨਾਲ ਪਸ਼ੂਆਂ ਦੇ ਸਰੀਰ ਵਿੱਚ ਗੰਢਾਂ ਪੈਦਾ ਹੋ ਰਹੀਆਂ ਹਨ। ਇਸ ਨਾਲ ਦੁਧਾਰੂ ਪਸ਼ੂਆਂ ਦਾ ਦੁੱਧ ਸੁੱਕ ਰਿਹਾ ਹੈ ਅਤੇ ਪਸ਼ੂਆਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ।
ਇਸ ਬਾਰੇ ਪਿੰਡ ਬੀਣੇਵਾਲ ਤੋਂ ਪਸ਼ੂ ਪਾਲਕ ਸੁਰਿੰਦਰ ਸਿੰਘ, ਰਾਮਪੁਰ ਬਿਲੜੋਂ ਤੋਂ ਗੁਰਮੇਲ ਸਿੰਘ, ਗੁਰਜਿੰਦਰ ਸਿੰਘ ਅਤੇ ਰਾਮ ਸਿੰਘ ਨੇ ਦੱਸਿਆ ਕਿ ਬਰਸਾਤ ਦੇ ਇਨ੍ਹਾਂ ਦਿਨ੍ਹਾਂ ਵਿੱਚ ਧੱਫੜੀ ਰੋਗ ਤੇਜ਼ੀ ਨਾਲ ਫੈਲ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੈਟਰਨਰੀ ਹਸਪਤਾਲ ਬੰਦ ਪਏ ਹਨ ਅਤੇ ਇਲਾਕੇ ਵਿੱਚ ਕਿਸੇ ਵੀ ਸਰਕਾਰੀ ਡਾਕਟਰ ਦੀਆਂ ਸੇਵਾਵਾਂ ਉਪਲਭਧ ਨਹੀਂ ਹਨ ਜਿਸ ਕਰਕੇ ਲੋਕ ਪ੍ਰਾਈਵੇਟ ਤੌਰ ’ਤੇ ਮਹਿੰਗਾ ਇਲਾਜ ਕਰਾਉਣ ਲਈ ਮਜਬੂਰ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਗੜ੍ਹਸ਼ੰਕਰ ਦੇ ਸਿਵਲ ਪਸ਼ੂ ਹਸਪਤਾਲ ਵਿੱਚ ਵੈਟਰਨਰੀ ਡਾਕਟਰਾਂ, ਵੈਟਰਨਰੀ ਅਫਸਰਾਂ, ਵੈਟਰਨਰੀ ਇੰਸਪੈਕਟਰਾਂ ਸਮੇਤ ਦਰਜਾ ਚਾਰ ਕਰਮਚਾਰੀਆਂ ਦੀ ਵੱਡੀ ਘਾਟ ਹੈ ਜਿਸ ਨੂੰ ਪੂਰਾ ਕਰਨ ਲਈ ਕਿਸੇ ਵੀ ਸਰਕਾਰ ਨੇ ਕੋਈ ਕਦਮ ਨਹੀਂ ਉਠਾਇਆ। ਇਸ ਵੇਲੇ ਗੜ੍ਹਸ਼ੰਕਰ ਤਹਿਸੀਲ ਦੇ ਕਰੀਬ 150 ਤੋਂ ਵੱਧ ਪਿੰਡਾਂ ਲਈ 22 ਹਸਪਤਾਲ ਵੱਖ ਵੱਖ ਪਿੰਡਾਂ ਵਿੱਚ ਸਥਿਤ ਹਨ ਪਰ ਸਾਰੇ ਹਸਪਤਾਲਾਂ ਵਿੱਚ ਕੁੱਲ ਛੇ ਡਾਕਟਰ ਕੰਮ ਕਰਦੇ ਹਨ। ਇਹ ਡਾਕਟਰ ਜ਼ਿਲ੍ਹੇ ਦੇ ਹੋਰ ਸਟੇਸ਼ਨਾਂ ’ਤੇ ਵਾਧੂ ਚਾਰਜ ਵਜੋਂ ਵੀ ਕੰਮ ਕਰਦੇ ਹਨ। ਇਲਾਕੇ ਦੇ ਪਸ਼ੂ ਪਾਲਕਾਂ ਅਨੁਸਾਰ ਸਰਕਾਰੀ ਸੇਵਾਵਾਂ ਦੇ ਠੱਪ ਹੋਣ ਕਾਰਨ ਲੋਕਾਂ ਨੂੰ ਮਜਬੂਰੀਵੱਸ ਪ੍ਰਾਈਵੇਟ ਤੌਰ ’ਤੇ ਕੰਮ ਕਰਦੇ ਵੈਟਰਨਰੀ ਡਾਕਟਰਾਂ ਦੀਆਂ ਮਹਿੰਗੀਆਂ ਸੇਵਾਵਾਂ ਲੈਣੀਆਂ ਪੈਂਦੀਆਂ ਹਨ।
ਅਮਲੇ ਦੀ ਘਾਟ ਕਾਰਨ ਕੰਮ ਪ੍ਰਭਾਵਿਤ: ਡਿਪਟੀ ਡਾਇਰੈਕਟਰ
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਹਰਜੀਤ ਸਿੰਘ ਨੇ ਕਿਹਾ ਕਿ ਪਸ਼ੂਆਂ ਵਿੱਚ ਲੰਪੀ ਸਕਿਨ ਰੋਗ ਫੈਲਿਆ ਹੋਇਆ ਹੈ ਅਤੇ ਬਰਸਾਤੀ ਮੌਸਮ ਹੋਣ ਕਰਕੇ ਇਹ ਰੋਗ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਅਮਲੇ ਦੀ ਘਾਟ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਨ੍ਹਾਂ ਕੋਲ ਗੜ੍ਹਸ਼ੰਕਰ ਦੇ ਹਸਪਤਾਲ ਦਾ ਵੀ ਵਾਧੂ ਚਾਰਜ ਹੈ।