ਪੱਤਰ ਪ੍ਰੇਰਕ
ਹੁਸ਼ਿਆਰਪੁਰ, 24 ਫ਼ਰਵਰੀ
ਸ਼ਹਿਰ ਦੇ ਬਾਹਰ ਵਾਰ ਚੋਅ ਦੇ ਕੰਢੇ ’ਤੇ ਬਣੇ ਇਕ ਹੋਟਲ ਵਿਚ ਅੱਜ ਇਕ ਨੌਜਵਾਨ ਲੜਕੇ ਅਤੇ ਲੜਕੀ ਨੇ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ। ਲੜਕੇ ਦੀ ਪਛਾਣ ਹਰਪ੍ਰੀਤ (21) ਵਾਸੀ ਸੁੰਨੀ ਵਜੋਂ ਹੋਈ ਹੈ ਜਦੋਂਕਿ ਲੜਕੀ ਪਿੰਡ ਮੜੂਲੀ ਬ੍ਰਾਹਮਣਾਂ ਦੀ ਦੱਸੀ ਜਾ ਰਹੀ ਹੈ। ਦੋਵੇਂ ਕੱਲ੍ਹ ਤੋਂ ਆਪਣੇ ਘਰਾਂ ਤੋਂ ਲਾਪਤਾ ਸਨ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਉਮਰ 18 ਸਾਲ ਤੋਂ ਘੱਟ ਸੀ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਹੋਟਲ ਦਾ ਇਕ ਕਰਮਚਾਰੀ ਸਵੇਰੇ ਉਨ੍ਹਾਂ ਦੇ ਕਮਰੇ ਵਿਚ ਗਿਆ। ਦੋਵੇਂ ਤੜਪ ਰਹੇ ਸਨ ਅਤੇ ਨੇੜੇ ਸਲਫ਼ਾਸ਼ ਦੀ ਇਕ ਖਾਲੀ ਸ਼ੀਸ਼ੀ ਪਈ ਸੀ। ਹੋਟਲ ਮਾਲਕ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਉਨ੍ਹਾਂ ਨੂੰ ਸਿਵਲ ਹਸਪਤਾਲ ਲੈ ਗਈ। ਲੜਕੀ ਨੂੰ ਉਸੇ ਵੇਲੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਲਗਪਗ ਇਕ ਘੰਟੇ ਬਾਅਦ ਲੜਕੇ ਨੇ ਵੀ ਦਮ ਤੋੜ ਦਿੱਤਾ। ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ ਪਰ ਪੁਲੀਸ ਵਲੋਂ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਥਾਣਾ ਸਦਰ ਦੇ ਐਸ.ਐਚ.ਓ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਹਾਂ ਪਰਿਵਾਰਾਂ ਨੂੰ ਸੱਦ ਕੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜੋੜੇ ਨੇ ਕੱਲ੍ਹ ਰਾਤ ਹੋਟਲ ਵਿਚ ਕਮਰਾ ਲਿਆ ਸੀ।