ਪੱਤਰ ਪ੍ਰੇਰਕ
ਫਗਵਾੜਾ, 24 ਜੂਨ
ਬੀਤੀ ਰਾਤ ਫਗਵਾੜਾ-ਜਲੰਧਰ ਜੀ.ਟੀ.ਰੋਡ ’ਤੇ ਕਾਨਵੈਂਟ ਸਕੂਲ ਲਾਗੇ ਇੱਕ ਕਾਰ ’ਚ ਸਵਾਰ ਦੋ ਲੁਟੇਰੇ ਪਿਸਤੌਲ ਦਿਖਾ ਕੇ ਇੱਕ ਨੌਜਵਾਨ ਦਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ।
ਪੀੜਤ ਵਿਅਕਤੀ ਰਵੀ ਕੁਮਾਰ ਪੁੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਫਗਵਾੜਾ ਦੇ ਹਾਂਡਾ ਕੰਪਲੈਂਕਸ ਵਿਖੇ ਰਹਿੰਦਾ ਹੈ ਤੇ ਲਵਲੀ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ। ਬੀਤੀ ਰਾਤ ਕਰੀਬ 2 ਵਜੇ ਉਹ ਆਪਣੇ ਲਾਅ ਗੇਟ ਤੋਂ ਜਲੰਧਰ ਛੱਡਣ ਲਈ ਚਲਿਆ ਸੀ। ਜਦੋਂ ਉਹ ਫਗਵਾੜਾ-ਜਲੰਧਰ ਸੜਕ ’ਤੇ ਸਥਿਤ ਕਾਨਵੈਂਟ ਸਕੂਲ ਲਾਗੇ ਪੁੱਜਿਆ ਤਾਂ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਉਸ ਦਾ ਪਿੱਛਾ ਕਰਨ ਲੱਗ ਪਈ ਤੇ ਉਸ ਨੂੰ ਘੇਰ ਲਿਆ।
ਕਾਰ ’ਚ ਸਵਾਰ ਦੋ ਨੌਜਵਾਨਾਂ ਨੇ ਰਿਵਾਲਵਰ ਕੱਢ ਲਏ ਤੇ ਮੋਟਰਸਾਈਕਲ ਤੋਂ ਉੱਤਰਨ ਲਈ ਕਹਿਣ ਲੱਗੇ। ਬਾਅਦ ’ਚ ਗੱਡੀ ’ਚ ਸਵਾਰ ਦੋਨੋਂ ਵਿਅਕਤੀ ਗੱਡੀ ਤੋਂ ਬਾਹਰ ਆ ਗਏ ਤੇ ਉਸ ਦਾ ਬੁਲੇਟ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਚਿੱਟੇ ਰੰਗ ਦੀ ਵਰਨਾ ਜਿਸ ਨੂੰ ਅੱਗੇ ਪਿਛੇ ਕੋਈ ਨੰਬਰ ਪਲੇਟ ਨਹੀਂ ਸੀ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ। ਪੀੜਤ ਨੇ ਦੱਸਿਆ ਕਿ ਜਦੋਂ ਉਹ ਰਾਤ ਇਸ ਦੀ ਸੂਚਨਾ ਦੇਣ ਲਈ ਥਾਣੇ ਗਏ ਤਾਂ ਪੁਲੀਸ ਵਾਲਿਆਂ ਨੇ ਕਹਿ ਦਿੱਤਾ ਕਿ ਤੁਸੀਂ ਸਵੇਰੇ ਆ ਜਾਇਓ। ਇਸ ਤੋਂ ਬਾਅਦ ਕਰੀਬ ਇੱਕ ਘੰਟੇ ਬਾਅਦ ਉਨ੍ਹਾਂ 112 ਨੰਬਰ ’ਤੇ ਫ਼ੋਨ ਕੀਤਾ ਜਿਸ ਤੋਂ ਬਾਅਦ ਪੁਲੀਸ ਹਰਕਤ ’ਚ ਆਈ।