ਜਗਜੀਤ ਸਿੰਘ
ਮੁਕੇਰੀਆਂ, 19 ਜੁਲਾਈ
ਕਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਆਰਥਿਕ ਮੰਦਹਾਲੀ ਝੱਲ ਰਹੇ ਕੰਢੀ ਦੇ ਕਿਸਾਨਾਂ ਦੀ ਮੱਕੀ ਦੀ ਫਸਲ ’ਤੇ ਸੁੰਡੀ ਦੇ ਹਮਲੇ ਨੇ ਕਿਸਾਨਾਂ ਨੂੰ ਦੋਹਰੀ ਚਿੰਤਾ ਵਿੱਚ ਪਾ ਦਿੱਤਾ ਹੈ। ਮੱਕੀ ਦੀ ਗੋਭ ਵਿੱਚ ਬੈਠੀ ਹਰੇ ਤੇ ਕਾਲੇ ਰੰਗ ਦੀ ਸੁੰਡੀ ਮੱਕੀ ਦੀ ਫਸਲ ਤਬਾਹ ਕਰ ਰਹੀ ਹੈ, ਪਰ ਖੇਤੀ ਅਧਿਕਾਰੀਆਂ ਦੀ ਸਿਫਾਰਿਸ਼ੀ ਦਵਾਈਆਂ ਦੀ ਸਪਰੇਅ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦੇ ਰਹੀ।
ਇਸ ਸਬੰਧੀ ਕਿਸਾਨ ਵਿਧੀ ਚੰਦ, ਜਸਪਾਲ ਸਿੰਘ, ਮਦਨ ਲਾਲ, ਰੇਸ਼ਮ ਸਿੰਘ ਆਦਿ ਨੇ ਦੱਸਿਆ ਕਿ ਸਿੰਜਾਈ ਸਾਧਨਾਂ ਦੀ ਤੋਟ ਕਾਰਨ ਉਹ ਕੇਵਲ ਮੱਕੀ ਦੀ ਬਿਜਾਈ ਕਰਦੇ ਹਨ ਅਤੇ ਇਸ ਤੋਂ ਹੀ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਹੈ। ਇਸ ਵਾਰ ਮੱਕੀ ਦੀ ਫਸਲ ’ਤੇ ਕਰੀਬ 15 ਦਿਨ ਪਹਿਲਾਂ ਗੋਭ ਦੀ ਸੁੰਡੀ ਦਾ ਹਮਲਾ ਸ਼ੁਰੂ ਹੋ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਹੋਣ ਦੇ ਬਾਵਜੂਦ ਫਸਲ ਦੇ ਬੂਟੇ ਪੀਲੇ ਰੰਗ ਦੇ ਹੋ ਰਹੇ ਹੋਣ ਕਾਰਨ ਜਦੋਂ ਕਿਸਾਨਾਂ ਨੇ ਬਾਰੀਕੀ ਨਾਲ ਦੇਖਿਆ ਤਾਂ ਹਰੇ ਤੇ ਭੂਰੇ ਕਾਲੇ ਰੰਗ ਦੀ ਸੁੰਡੀ ਬੂਟੇ ਦੇ ਗੋਭੇ ਵਿਚਕਾਰ ਬੈਠ ਕੇ ਬੂਟੇ ਨੂੰ ਨੁਕਸਾਨ ਕਰ ਰਹੀ ਸੀ।
ਇਸ ਬਾਰੇ ਕਿਸਾਨਾਂ ਨੇ ਫੋਨ ਰਾਹੀਂ ਤੇ ਮਿਲ ਕੇ ਜ਼ੁਬਾਨੀ ਖੇਤੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ, ਪਰ ਅਧਿਕਾਰੀ ਕਰੋਨਾ ਤੋਂ ਡਰਦੇ ਘਰੋਂ ਨਿਕਲਣ ਤੋਂ ਗੁਰੇਜ਼ ਕਰਦੇ ਰਹੇ। ਇਸ ਕਾਰਨ ਇਲਾਕੇ ਦੇ ਬਹਿਮਾਵਾ, ਬਹਿਲੱਖਣ, ਬਹਿਕੀਤੋ, ਹੀਰ ਬਹਿ, ਨੱਥੂਵਾਲ, ਬਹਿਫੱਤੋ, ਨਾਰੰਗਪੁਰ, ਕੋਠੀ, ਕਮਾਹੀ ਦੇਵੀ ਸਮੇਤ ਕਰੀਬ 100 ਪਿੰਡਾਂ ਵਿੱਚ ਇਹ ਹਮਲਾ ਤੇਜ਼ੀ ਨਾਲ ਵਧ ਗਿਆ ਅਤੇ ਕਿਸਾਨਾਂ ਦੀ ਵੱਡੇ ਪੱਧਰ ’ਤੇ ਫਸਲ ਤਬਾਹ ਹੁੰਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਤਬਾਹ ਹੋ ਜਾਣ ਕਾਰਨ ਉਹ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਪਿਛਲੇ ਦਿਨੀਂ ਪੱਛੜ ਕੇ ਬਹੁੜੇ ਖੇਤੀ ਅਧਿਕਾਰੀਆਂ ਵਲੋਂ ਸ਼ਿਫਾਰਿਸ਼ ਕੀਤੀ ਦਵਾਈ ਦੀ ਸਪਰੇਅ ਵੀ ਬੇਅਸਰ ਸਾਬਤ ਹੋ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਮੱਕੀ ਬਚਾਉਣ ਲਈ ਮੁਫ਼ਤ ਅਸਰਦਾਰ ਦਵਾਈ ਮੁਹੱਈਆ ਕਰਵਾਈ ਜਾਵੇ ਅਤੇ ਨੁਕਸਾਨੀ ਫਸਲ ਦਾ ਮੁਆਵਜ਼ਾ ਦੇ ਕੇ ਕਿਸਾਨਾਂ ਦੀ ਮਹਾਂਮਾਰੀ ਦੌਰਾਨ ਬਾਂਹ ਫੜੀ ਜਾਵੇ।
ਕੀ ਕਹਿਣਾ ਹੈ ਮੁੱਖ ਖੇਤੀਬਾੜੀ ਅਫਸਰ ਦਾ
ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਵਿਨੈ ਕੁਮਾਰ ਨੇ ਕਿਹਾ ਕਿ ਮੱਕੀ ਦੀ ਫਸਲ ’ਤੇ ਸੁੰਡੀ ਦਾ ਹਮਲਾ ਸਾਹਮਣੇ ਆਉਣ ’ਤੇ ਹੇਠਲੇ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਅਸਰਦਾਰ ਦਵਾਈਆਂ ਦੀ ਸਪਰੇਅ ਕਰਨ ਬਾਰੇ ਹਦਾਇਤਾਂ ਕੀਤੀਆਂ ਹਨ, ਪਰ ਜੇਕਰ ਕਿਸੇ ਪੱਧਰ ’ਤੇ ਕੋਈ ਕੁਤਾਹੀ ਹੋਈ ਹੈ ਤਾਂ ਤੁਰੰਤ ਸਖਤੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੁੰਡੀ ਲਈ ਆਮ ਸਪਰੇਅ ਕਾਰਗਾਰ ਸਾਬਤ ਨਹੀਂ ਹੋ ਰਹੀ ਅਤੇ ਇਸ ਸੁੰਡੀ ਦੇ ਖਾਤਮੇ ਲਈ ਗੰਨੇ ’ਤੇ ਸਪਰੇਅ ਕੀਤੀ ਜਾਣ ਵਾਲੀ ਕੋਰਾਜ਼ੋਨ ਦਾ ਸਪਰੇਅ ਕੀਤਾ ਜਾਣਾ ਚਾਹੀਦਾ ਹੈ।