ਦੀਪਕ ਠਾਕੁਰ
ਤਲਵਾੜਾ, 20 ਸਤੰਬਰ
ਇੱਥੇ ਨੇੜਲੇ ਕਸਬਾ ਦਾਤਾਰਪੁਰ ਨਜ਼ਦੀਕ ਲੰਘੀ ਦੇਰ ਰਾਤ ਹਥਿਆਰਾਂ ਨਾਲ ਲੈਸ ਅਣਪਛਾਤੇ ਨੌਜਵਾਨ ਸ਼ਰਾਬ ਦੇ ਠੇਕੇ ’ਤੇ ਗੋਲੀਬਾਰੀ ਕਰ ਨਗਦੀ ਲੈ ਕੇ ਫ਼ਰਾਰ ਹੋ ਗਏ। ਘਟਨਾਂ ਭਡਿਆਰਾਂ ਦੀਆਂ ਕੁੜ੍ਹਾਂ ਦੇ ਅੱਡੇ ਵਿਖੇ ਸਥਿਤ ਸ਼ਰਾਬ ਦੇ ਠੇਕੇ ਦੀ ਹੈ।
ਦੇਰ ਰਾਤ ਕਰੀਬ ਪੌਣੇ ਦਸ ਤੇ ਦਸ ਵਜੇ ਦਰਮਿਆਨ ਇੱਕ ਸਵਿਫਟ ਕਾਰ ’ਚ ਸਵਾਰ ਤਿੰਨ ਵਿਅਕਤੀ ਸ਼ਰਾਬ ਦੇ ਠੇਕੇ ਉੱਤੇ ਆਏ, ਅਤੇ ਇੱਕ ਵਿਅਕਤੀ ਨੇ ਹਵਾਈ ਫਾਇਰ ਕੀਤਾ। ਉਪਰੰਤ ਠੇਕੇ ਅੰਦਰ ਬੈਠੇ ਸੇਲਜ਼ਮੈਨ ਤੋਂ ਨਗਦੀ ਖੋਹ ਕੇ ਫ਼ਰਾਰ ਹੋ ਗਏ। ਸੇਲਜ਼ਮੈਨ ਦੇ ਦੱਸਣ ਮੁਤਾਬਕ ਹਮਲਾਵਰ ਇੱਕ ਲੱਖ ਰੁਪਏ ਦੇ ਕਰੀਬ ਨਗਦੀ ਅਤੇ 6-7 ਬੋਤਲਾਂ ਸ਼ਰਾਬ ਦੀਆਂ ਆਪਣੇ ਨਾਲ ਲੈ ਗਏ ਹਨ। ਵਾਰਦਾਤ ਦੀ ਜਾਣਕਾਰੀ ਮਿਲਣ ਉਪਰੰਤ ਮੌਕੇ ’ਤੇ ਪੁੱਜੇ ਥਾਣਾ ਤਲਵਾੜਾ ਮੁਖੀ ਹਰਗੁਰਦੇਵ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ।
ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਸੇਲਜ਼ਮੈਨ ਮੁਨੀਸ਼ ਕੁਮਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਵਾਰਦਾਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਜ਼ਲਦ ਹੀ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ’ਚ ਹੋਣ ਦਾ ਦਾਅਵਾ ਕੀਤਾ ਹੈ।