ਜਗਜੀਤ ਸਿੰਘ
ਮੁਕੇਰੀਆਂ, 19 ਜੁਲਾਈ
ਨਿੱਕੀਆਂ ਨਿੱਕੀਆਂ ਤਬਦੀਲੀਆਂ ’ਤੇ ਲੱਡੂ ਵੰਡਣ ਵਾਲੇ ਹਲਕਾ ਆਗੂਆਂ ਅੰਦਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਬਣਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ। ਕੇਵਲ ਕਾਂਗਰਸ ਦੇ ਜ਼ਿਲ੍ਹਾ ਆਗੂ ਤਰਸੇਮ ਮਿਨਹਾਸ ਵਲੋਂ ਹੀ ਨਵਜੋਤ ਸਿੱਧੂ ਦੀ ਪ੍ਰਧਾਨਗੀ ਵਾਲੇ ਹੋਰਡਿੰਗ ਲਗਾਏ ਗਏ ਹਨ, ਪਰ ਉਨ੍ਹਾਂ ਹੋਰਡਿੰਗਾਂ ਵਿੱਚੋਂ ਹਲਕਾ ਵਿਧਾਇਕਾ ਗਾਇਬ ਹੈ ਜਿਸ ਤੋਂ ਹਲਕਾ ਵਿਧਾਇਕਾ ਪ੍ਰਤੀ ਆਗੂਆਂ ਦੀ ਨਰਾਜ਼ਗੀ ਸਾਫ ਝਲਕਦੀ ਹੈ।
ਬੀਤੀ ਰਾਤ ਕਾਂਗਰਸ ਹਾਈ ਕਮਾਨ ਵਲੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸੂਬੇ ਅੰਦਰ ਵਧਾਈਆਂ ਤੇ ਲੱਡੂ ਵੰਡਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਅੱਜ ਸਵੇਰ ਤੋਂ ਹੀ ਕੈਪਟਨ ਧੜੇ ਦੇ ਮੰਨੇ ਜਾਂਦੇ ਆਗੂ ਵੀ ਨਵਜੋਤ ਸਿੱਧੂ ਦੇ ਪੱਖ ਵਿੱਚ ਹੁੰਦੇ ਨਜ਼ਰ ਆਏ। ਪਰ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਧੜਿਆਂ ਵਿੱਚ ਵੰਡੇ ਹਲਕਾ ਆਗੂਆਂ ਵਿੱਚੋਂ ਕੇਵਲ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਤਰਸੇਮ ਮਿਨਹਾਸ ਵਲੋਂ ਹੀ ਜਨਤਕ ਤੌਰ ’ਤੇ ਹੋਰਡਿੰਗ ਲਗਾ ਕੇ ਸਿੱਧੂ ਦੀ ਪ੍ਰਧਾਨਗੀ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਹਾਲਾਂਕਿ ਹਲਕਾ ਵਿਧਾਇਕਾ ਦੀ ਇਨ੍ਹਾਂ ਹੋਰਡਿੰਗਾਂ ਵਿੱਚ ਤਸਵੀਰ ਹੀ ਨਹੀਂ ਲਗਾਈ ਗਈ। ਦੱਸਣਯੋਗ ਹੈ ਕਿ ਹਲਕਾ ਵਿਧਾਇਕਾ ਕੈਪਟਨ ਅਮਰਿੰਦਰ ਸਿੰਘ ਧੜੇ ਦੇ ਮੰਨੇ ਜਾਂਦੇ ਹਨ ਅਤੇ ਪਿਛਲੇ ਸਮੇਂ ਤੋਂ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਨ ਕਰਨ ਵਾਲੇ ਆਗੂ ਹਲਕਾ ਵਿਧਾਇਕਾ ਪ੍ਰਤੀ ਵਖਰੇਵਾਂ ਦਿਖਾਇਆ ਜਾ ਰਿਹਾ ਹੈ।
ਉਂਜ ਸੋਸ਼ਲ ਮੀਡੀਆ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਧੜੇ ਦੇ ਮੰਨੇ ਜਾਂਦੇ ਜਸਵੰਤ ਸਿੰਘ ਰੰਧਾਵਾ ਨੇ ਵੀ ਸਿੱਧੂ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਹਲਕਾ ਵਿਧਾਇਕਾ ਦੇ ਕਾਕਾ ਐਡਵੋਕੇਟ ਸੱਭਿਆ ਸਾਂਚੀ ਨੇ ਵੀ ਨਵਜੋਤ ਸਿੱਧੂ ਨਾਲ ਫੋਟੋ ਸ਼ੇਅਰ ਕਰਦਿਆਂ ਉਨ੍ਹਾਂ ਨੂੰ ਸੂਬਾ ਪ੍ਰਧਾਨਗੀ ਮਿਲਣ ’ਤੇ ਵਧਾਈ ਦਿੱਤੀ। ਪਰ ਹਲਕੇ ਅੰਦਰ ਲੋਕਾਂ ਦੀ ਆਸ ਮੁਤਾਬਕ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਆਗੂਆਂ ਅੰਦਰ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ।