ਪੱਤਰ ਪ੍ਰੇਰਕ
ਮੁਕੇਰੀਆਂ, 2 ਮਈ
ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਪੰਜਾਬ ਯੂਨੀਵਰਸਿਟੀ ਦੇ ਆਈਸੀਐੱਸਐੱਸਆਰ ਦੇ ਸਹਿਯੋਗ ਨਾਲ ਪੰਜਾਬ ਦੇ ਨੌਜਵਾਨ ਦੇ ਅੰਦਰ ਅੰਤਰ-ਰਾਸ਼ਟਰੀ ਪਰਵਾਸ ਦੇ ਕਾਰਨਾਂ ਅਤੇ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਬਾਰੇ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਰੌਣਕੀ ਰਾਮ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਦੱਸਿਆ ਕਿ ਕਰੀਬ 6000 ਸਾਲ ਪਹਿਲਾਂ ਵਪਾਰ ਲਈ ਪੰਜਾਬ ਵਿੱਚ ਆਵਾਸ ਹੁੰਦਾ ਸੀ, ਪਰ ਹੁਣ ਵੱਡੀ ਪੱਧਰ ਉੱਤੇ ਪੰਜਾਬ ਤੋਂ ਹੋ ਰਿਹਾ ਪ੍ਰਵਾਸ ਚਿੰਤਾ ਦਾ ਵਿਸ਼ਾ ਹੈ। ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਘੱਟ ਗਿਣਤੀ ਕਮਿਸ਼ਨ, ਪੰਜਾਬ ਦੇ ਚੇਅਰਮੈਨ ਡਾ. ਐਮੂਨਲ ਨਾਹਰ ਨੇ ਕਿਹਾ ਕਿ ਪੰਜਾਬ ਵਿੱਚੋਂ ਪਰਵਾਸ ਦੀ ਗਿਣਤੀ ਘਟਾਉਣ ਲਈ ਨੌਜਵਾਨਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ। ਸੈਮੀਨਾਰ ਦੇ ਦੂਜੇ ਸ਼ੈਸਨ ਦੀ ਪ੍ਰਧਾਨਗੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਤੋਂ ਆਏ ਪ੍ਰੋ. ਡਾ. ਗੁਰਪ੍ਰੀਤ ਸਿੰਘ ਨੇ ਕੀਤੀ। ਇਸ ਸੈਸ਼ਨ ਦੌਰਾਨ ਵੱਖੋ-ਵੱਖਰੇ ਕਾਲਜ ਤੋਂ ਆਏ ਪ੍ਰੋਫੈਸਰਾਂ ਨੇ ਪੇਪਰ ਪੜ੍ਹੇ।