ਪੱਤਰ ਪ੍ਰੇਰਕ
ਸ਼ਾਹਕੋਟ, 17 ਜੂਨ
ਲੋਹੀਆਂ ਖਾਸ ਦੇ ਇਕ ਕੋਲਡ ਸਟੋਰ ਦੀ ਇਮਾਰਤ ਡਿੱਗਣ ਕਾਰਨ ਕਰੋੜਾਂ ਰੁਪਏ ਦੇ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਆਲੂ ਸਟੋਰ ਦੇ ਮਾਲਕ ਕੁਲਵੰਤ ਸਿੰਘ ਵਾਸੀ ਲੋਹੀਆਂ ਖਾਸ ਨੇ ਦੱਸਿਆ ਕਿ ਉਨ੍ਹਾਂ ਦੇ ਸਟੋਰ ਦੀ ਇਮਾਰਤ ਦੇ ਇਕ ਗਾਡਰ ਦੇ ਖਿਸਕ ਜਾਣ ਕਾਰਨ ਸਟੋਰ ਦੀ ਇਮਾਰਤ ਡਿੱਗ ਪਈ। ਇਸ ਬਾਰੇ ਪਤਾ ਲੱਗਦਿਆਂ ਹੀ ਉਹ ਤੁਰੰਤ ਸਟੋਰ ’ਤੇ ਪਹੁੰਚ ਗਏ। ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਮੰਤਵ ਨਾਲ ਸਭ ਤੋਂ ਪਹਿਲਾਂ ਉਨ੍ਹਾਂ ਗੈਸ ਦੀ ਸਪਲਾਈ ਨੂੰ ਜ਼ਮੀਨ ਦੋਜ ਪਾਣੀ ਵਿੱਚ ਨਸ਼ਟ ਕੀਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਹੋਏ ਆਰਥਿਕ ਨੁਕਸਾਨ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ। ਪਰ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਸ ਕਾਰਨ ਉਨ੍ਹਾਂ ਨੂੰ ਮਾਨਸਿਕ ਸੰਤੁਸ਼ਟੀ ਹੈ। ਉਨ੍ਹਾਂ ਕਿਹਾ ਕਿ ਇਮਾਰਤ ਡਿੱਗਣ ਦੇ ਅਸਲ ਕਾਰਨਾਂ ਦਾ ਉਹ ਪਤਾ ਲਗਾ ਰਹੇ ਹਨ। ਸਟੋਰ ਦੇ ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ ਸਟੋਰ ਵਿੱਚ 35 ਹਜ਼ਾਰ ਆਲੂਆਂ ਦੀਆਂ ਬੋਰੀਆਂ ਜਮਾਂ ਹਨ। ਜਿਨ੍ਹਾਂ ਨੂੰ ਜਲਦ ਹੋਰ ਸਟੋਰਾਂ ਵਿੱਚ ਪਹੁੰਚਾ ਕੇ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸਟੋਰ ਵਿੱਚ ਆਲੂ ਜਮਾਂ ਕਰਵਾਉਣ ਵਾਲੇ ਕਿਸਾਨ ਅਤੇ ਵਪਾਰੀ ਭਾਵੇਂ ਇਸ ਘਟਨਾ ਨਾਲ ਬੇਹੱਦ ਪ੍ਰੇਸ਼ਾਨ ਹਨ, ਪਰ ਉਹ ਹੌਸਲਾ ਦਿਖਾਉਂਦੇ ਹੋਏ ਅਜਿਹੇ ਸਮੇਂ ਸਟੋਰ ਮਾਲਕ ਨਾਲ ਪੂਰੀ ਹਮਦਰਦੀ ਕਰ ਰਹੇ ਹਨ।