ਗੁਰਮੀਤ ਖੋਸਲਾ
ਸ਼ਾਹਕੋਟ, 28 ਮਈ
ਦਰਿਆ ਸਤਲੁਜ ਕਿਨਾਰੇ ਵਸੇ ਪਿੰਡ ਥੰਮੂਵਾਲ ਅਤੇ ਚੱਕ ਬਾਹਮਣੀਆਂ ਦੀ ਪੰਚਾਇਤੀ ਜ਼ਮੀਨ ਦਾ ਤੀਜੀ ਵਾਰ ਕਬਜਾ ਛੁਡਾਉਣ ਆਏ ਪ੍ਰਸ਼ਾਸਨ ਨੂੰ ਕਿਸਾਨਾਂ ਦੇ ਜਬਰਦਸਤ ਵਿਰੋਧ ਕਾਰਣ ਬਿਨਾਂ ਦਖਲ ਪਾਏ ਵਾਪਿਸ ਮੁੜਨਾ ਪਿਆ। ਜ਼ਿਕਰਯੋਗ ਹੈ ਕਿ ਉਕਤ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਨੂੰ ਕਿਸਾਨਾਂ ਵੱਲੋਂ ਆਪਣੇ ਖੂਨ ਪਸੀਨੇ ਨਾਲ ਆਬਾਦ ਕੀਤਾ ਗਿਆ ਹੇ।,ਜਿਸ ਉੱਪਰ ਉਹ ਪਿਛਲੇ ਲੰਬੇ ਸਮੇਂ ਤੋਂ ਕਾਸ਼ਤ ਕਰਦੇ ਆ ਰਹੇ ਹਨ। ਜ਼ਮੀਨ ਵਿਚ ਦਖਲ ਪਾਉਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਸਨਾਂ,ਔਰਤਾਂ ਅਤੇ ਬੱਚਿਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਜਬਰਦਸਤ ਵਿਰੋਧ ਕਰਦਿਆਂ ਮੋਗਾ ਨੂੰ ਜਾਂਦੇ ਸ਼ਾਹਰਾਹ ਦੇ ਟੋਲ ਪਲਾਜ਼ੇ ਦੇ ਨਜ਼ਦੀਕ ਧਰਨਾ ਦਿੱਤਾ। ਕਮੇਟੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ,ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ,ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੂਬਾ ਸਰਕਾਰ ਪੰਚਾਇਤੀ ਜ਼ਮੀਨਾਂ ਦੇ ਕਬਜੇ ਛੁਡਾਉਣ ਦੀ ਆੜ ਵਿਚ ਅਬਾਦਕਾਰਾਂ ਦੀਆਂ ਜ਼ਮੀਨਾਂ ਖੋਹ ਕੇ ਉਨ੍ਹਾਂ ਦਾ ਉਜਾੜਾ ਕਰਨਾ ਚਾਹੁੰਦੀ ਹੈ ਪਰ ਉਹ ਕਿਸੇ ਵੀ ਕੀਮਤ ਤੇ ਅਜਿਹਾ ਨਹੀ ਹੋਣ ਦੇਣਗੇ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਸਲੇ ਦੇ ਪੱਕੇ ਹੱਲ ਲਈ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ ਜਾਵੇ।