ਭਗਵਾਨ ਦਾਸ ਸੰਦਲ
ਦਸੂਹਾ, 2 ਜੁਲਾਈ
ਇਥੇ ਪਿੰਡ ਬੁਧੋਬਰਕਤ ਵਿਖੇ ਇਕ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 80 ਸਾਲਾ ਬਜ਼ੁਰਗ ਮਾਤਾ ਤੇ ਉਸ ਦੇ 2 ਅੰਨ੍ਹੇ ਪੁੱਤਰਾਂ ਦੇ ਹੱਕ ਵਿੱਚ ਨਿੱਤਰ ਆਈ ਹੈ। ਇਸ ਸਬੰਧੀ ਕਿਸਾਨ ਜੱਥੇਬੰਦੀ ਦੇ ਆਗੂ ਸਵਿੰਦਰ ਸਿੰਘ ਚੁਤਾਲਾ ਤੇ ਪਰਮਜੀਤ ਸਿੰਘ ਭੁੱਲਾ ਨੇ ਦੱਸਿਆ ਕਿ ਪਿੰਡ ਬੁਧੋਬਰਕਤ ਵਿੱਚ 80 ਸਾਲਾ ਬਿਰਧ ਰਜਿੰਦਰ ਕੌਰ ਅਤੇ ਉਸ ਦੇ ਦੋ ਪੁੱਤਰਾਂ ਸਤਵਿੰਦਰਪਾਲ ਸਿੰਘ ਤੇ ਨਿਰਮਲ ਸਿੰਘ ਦੀ 8 ਕਨਾਲ ਜ਼ਮੀਨ ਹੈ ਜਿਸ ’ਤੇ ਗੰਨਾ ਬੀਜਿਆ ਹੋਇਆ ਸੀ। ਪਿੰਡ ਦੇ ਹੀ ਇਕ ਰਸੂਖਦਾਰ ਵਿਅਕਤੀ ਨੇ ਸਿਆਸੀ ਸਰਪ੍ਰਸਤੀ ਹੇਠ ਗੰਨੇ ਦਾ ਖੇਤ ਵਾਹ ਦਿੱਤਾ ਤੇ 8 ਕਨਾਲ ਜ਼ਮੀਨ ’ਤੇ ਆਪਣਾ ਹੱਕ ਜਤਾਉਣ ਲੱਗਾ, ਜਦੋਂਕਿ 2004 ਵਿੱਚ ਜ਼ਿਲ੍ਹਾ ਅਦਾਲਤ ਵੱਲੋਂ ਬਿਰਧ ਮਾਤਾ ਰਜਿੰਦਰ ਕੌਰ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਹੈ ਤੇ 1988 ਤੋਂ ਹੀ ਉਹ ਇਸ ਜ਼ਮੀਨ ’ਤੇ ਕਾਬਜ਼ ਹੈ। ਉਨ੍ਹਾਂ ਹਲਕਾ ਵਿਧਾਇਕ ਕਰਮਬੀਰ ਘੁੰਮਣ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਚ ਧਿਰ ਨਾ ਬਣਨ ਅਤੇ ਪੀੜਤ ਨੂੰ ਇਨਸਾਫ ਦਿਵਾਉਣ ਦੇ ਯੋਗ ਉਪਰਾਲੇ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਇਨਸਾਫ ਨਾ ਮਿਲਿਆ ਤਾਂ ਸੂਬਾ ਪੱਧਰੀ ਸੰਗਰਸ਼ ਵਿੱਢਿਆ ਜਾਵੇਗਾ। ਇਸ ਸਬੰਧੀ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਮਾਮਲਾ ਉਨਾਂ ਦੇ ਧਿਆਨ ’ਚ ਨਹੀਂ ਹੈ ਪਰ ਉਹ ਕਿਸੇ ਵੀ ਗਲਤ ਅਨਸਰ ਦੀ ਹਮਾਇਤ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਆਪਣੇ ਪੱਧਰ ’ਤੇ ਜਾਂਚ ਕਰਵਾਉਣਗੇ। ਇਸ ਮੌਕੇ ਜਗਦੀਪ ਸਿੰਘ ਗਿੱਲ, ਅਵਤਾਰ ਸਿੰਘ ਸੇਖੋਂ, ਲਭਦੀਪ ਸਿੰਘ ਸੇਖੋਂ, ਰਮਨ ਕੁਮਾਰ ਪੰਡੋਰੀ ਬਾਵਾ ਦਾਸ, ਸਰਪੰਚ ਨਰੰਜਣ ਸਿੰਘ, ਸਰਪੰਚ ਭੁਪਿੰਦਰ ਸਿੰਘ, ਨੰਬਰਦਾਰ ਜੋਧ ਸਿੰਘ, ਸਾਬਕਾ ਸਰਪੰਚ ਗੋਪੀ, ਮਨਜੀਤ ਸਿੰਘ, ਦਵਿੰਦਰ ਸਿੰਘ ਕਾਹਲੋਂ, ਮਲਕੀਤ ਸਿੰਘ ਮੁਲਤਾਨੀ, ਪਰਮਜੀਤ ਸਿੰਘ ਬਸੋਆ, ਗਗਨਦੀਪ ਕੌਰ ,ਰਵਿੰਦਰ ਕੌਰ ਬਾਜਵਾ, ਗੁਰਮੀਤ ਕੌਰ, ਸਰਬਜੀਤ ਕੌਰ ਮੌਜੂਦ ਸਨ।