ਪੱਤਰ ਪ੍ਰੇਰਕ
ਅਜਨਾਲਾ, 5 ਅਕਤੂਬਰ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਭਾਜਪਾ ਆਗੂ ਵੱਲੋਂ ਆਪਣੀ ਗੱਡੀ ਥੱਲੇ ਕਿਸਾਨਾਂ ਨੂੰ ਕੁਚਲ ਦਿੱਤੇ ਜਾਣ ਦੇ ਰੋਸ ਵਜੋਂ ਅਜਨਾਲਾ ਸ਼ਹਿਰ ਦੇ ਮੇਨ ਚੌਕ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਅਜਨਾਲਾ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ‘ਆਪ’ ਵਰਕਰਾਂ ਵੱਲੋਂ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੋਗੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਅਪਣਾਇਆ ਜਾ ਰਿਹਾ ਸਖ਼ਤ ਵਤੀਰਾ ਲੋਕਤੰਤਰ ਦੀ ਘੋਰ ਉਲੰਘਣਾ ਹੈ, ਜਿਸ ਨੂੰ ਦੇਸ਼ ਵਾਸੀ ਸਹਿਣ ਨਹੀਂ ਕਰਨਗੇ। ਇਸ ਮੌਕੇ ਸਵਿੰਦਰ ਸਿੰਘ ਮਾਨ, ਬਲਦੇਵ ਸਿੰਘ ਬੱਬੂ ਚੇਤਨਪੁਰਾ, ਰਜਿੰਦਰ ਸਿੰਘ ਵਿਰਕ, ਦਵਿੰਦਰ ਸਿੰਘ ਅਜਨਾਲਾ, ਬਲਬੀਰ ਸਿੰਘ ਰਾਏਪੁਰ ਕਲਾਂ ਆਦਿ ਆਗੂ ਮੌਜੂਦ ਸਨ।
ਕੈਪਸ਼ਨ- ਅਜਨਾਲਾ ’ਚ ਮੋਦੀ ਸਰਕਾਰ ਦਾ ਪੁਤਲਾ ਫੂਕਦੇ ਹੋਏ ‘ਆਪ’ ਵਰਕਰ। .-ਫੋਟੋ: ਸੁੱਖ
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਲਖੀਮਪੁਰ ਖੀਰੀ ਘਟਨਾ ਵਿਰੁੱਧ ‘ਆਪ’ ਵਰਕਰਾਂ ਵੱਲੋਂ ਮੋਦੀ ਤੇ ਯੋਗੀ ਸਰਕਾਰ ਖ਼ਿਲਾਫ਼ ਖਡੂਰ ਸਾਹਿਬ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ‘ਆਪ’ ਆਗੂ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਵਿਚ ਵਰਕਰ ਇਕੱਠੇ ਹੋਏ।
ਦਸੂਹਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦਸੂਹਾ ਵੱਲੋਂ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਯੂਪੀ ਦੇ ਮੁੱਖ ਮੰਤਰੀ ਯੋਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਇਸ ਘਟਨਾ ਵਿਰੁੱਧ ਰੋਸ ਦਰਜ ਕਰਵਾਇਆ। ਇਸ ਮੌਕੇ ਐਡਵੋਕੇਟ ਘੁੰਮਣ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਹੱਕਾਂ ਲਈ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ’ਤੇ ਕਾਤਲਾਨਾ ਹਾਦਸੇ ਪਿੱਛੇ ਭਾਜਪਾ ਦੀ ਕਿਸਾਨੀ ਅੰਦੋਲਨ ਨੂੰ ਢਾਅ ਲਾਉਣ ਦੀ ਗਹਿਰੀ ਸਾਜ਼ਿਸ਼ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਮੰਤਰੀ ਪਦ ਤੋਂ ਹਟਾਇਆ ਜਾਵੇ ਤੇ ਦੋਵੇਂ ਪਿਉ-ਪੁੱਤਰ ਨੂੰ ਗ੍ਰਿਫਤਾਰ ਕੀਤਾ ਜਾਵੇ।
ਕਿਸਾਨਾਂ ਵੱਲੋਂ ਕੇਂਦਰ ਤੇ ਯੂਪੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
ਭੁਲੱਥ (ਪੱਤਰ ਪ੍ਰੇਰਕ): ਯੂਪੀ ਦੇ ਲਖੀਮਪੁਰ ਖੀਰੀ ਵਿਚ ਭਾਜਪਾ ਦੇ ਗੁੰਡਿਆਂ ਵੱਲੋਂ ਗੱਡੀਆਂ ਹੇਠ ਦਰੜ ਕੇ ਸ਼ਹੀਦ ਕੀਤੇ ਕਿਸਾਨਾਂ ਸਬੰਧੀ ਰੋਸ ਵਜੋਂ ਗੁੱਸੇ ’ਚ ਆਏ ਕਿਸਾਨਾਂ ਨੇ ਇਬਰਾਹੀਮਵਾਲ ਫੋਕਲ ਪੁਆਇੰਟ ਮੰਡੀ ਵਿਚ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਤੇ ਯੂਪੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਨਿਸ਼ਾਨ ਸਿੰਘ ਇਬਰਾਹੀਮਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਸਬੰਧੀ ਜਿੱਥੇ ਲੰਬੇ ਸਮੇਂ ਤੋਂ ਕਿਸਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ, ਉਥੇ ਯੂਪੀ ਦੇ ਲਖੀਮਪੁਰ ਖੇਤਰ ’ਚ ਵਾਪਰੀ ਘਟਨਾ ਸਮੇਂ ਕੇਦਰੀ ਰਾਜ ਮੰਤਰੀ ਦੇ ਪੁੱਤਰ ਤੇ ਉਸ ਦੇ ਗੁੰਡਿਆਂ ਵੱਲੋਂ ਗੱਡੀਆਂ ਹੇਠਾਂ ਦੇ ਕੇ ਕਿਸਾਨਾਂ ਨੂੰ ਸ਼ਹੀਦ ਕਰਨਾ ਕੋਈ ਮਾਮੂਲੀ ਘਟਨਾ ਨਹੀਂ। ਉਨ੍ਹਾਂ ਕਿਹਾ ਕਿ ਕਰਨਾਲ ਤੋਂ ਬਾਅਦ ਵਾਪਰੀ ਇਸ ਘਟਨਾ ਨੇ ਦੇਸ਼ ਭਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਮੌਤ ਦੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਬਲਵਿੰਦਰ ਸਿੰਘ, ਹਰਨਾਮ ਸਿੰਘ, ਮਹਿੰਦਰ ਸਿੰਘ ਬੱਸੀ, ਹਰਬੰਸ ਸਿੰਘ ਘੱਗ, ਸੁਖਪਾਲ ਸਿੰਘ ਚੀਮਾ, ਜਸਵਿੰਦਰ ਸਿੰਘ ਕੂਕਾ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ।
ਅਟਾਰੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਹਲਕਾ ਅਟਾਰੀ ਦੇ ਇੰਚਾਰਜ ਜਸਿਵੰਦਰ ਸਿੰਘ ਰੰਘਰੇਟਾ ਰਮਦਾਸ ਵੱਲੋਂ ਹਲਕਾ ਅਟਾਰੀ ਦੇ ਖਾਸਾ ਚੌਕ ਵਿੱਚ ਮੋਦੀ ਅਤੇ ਯੋਗੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਮੋਦੀ ਤੇ ਯੋਗੀ ਸਰਕਾਰਾਂ ਨੇ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਕਾਲੇ ਕਾਨੂੰਨ ਰੱਦ ਕਰਨ ਦੀ ਬਜਾਏ ਹੁਣ ਮੋਦੀ ਸਰਕਾਰ ਦੇ ਮੰਤਰੀ ਤੇ ਉਨ੍ਹਾਂ ਦੇ ਕਰਿੰਦੇ ਗੁੰਡਾਗਰਦੀ ਕਰਨ ’ਤੇ ਉਤਰ ਆਏ ਹਨ।
ਸ਼ਾਹਕੋਟ (ਪੱਤਰ ਪ੍ਰੇਰਕ): ਲਖੀਮਪੁਰ ਖੀਰੀ ਘਟਨਾ ਵਿਰੁੱਧ ਆਮ ਆਦਮੀ ਪਾਰਟੀ ਨੇ ਸਥਾਨਕ ਕਸਬੇ ਵਿਚ ਮੁਜ਼ਾਹਰਾ ਕਰਕੇ ਮੋਦੀ, ਯੋਗੀ ਅਤੇ ਖੱਟਰ ਦੇ ਪੁਤਲੇ ਫੂਕੇ। ਪਾਰਟੀ ਆਗੂ ਰਤਨ ਸਿੰਘ ਕਾਕੜ ਕਲਾਂ,ਬਲਕਾਰ ਸਿੰਘ ਚੱਠਾ ਅਤੇ ਤੇਜਿੰਦਰ ਸਿੰਘ ਰਾਮਪੁਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਯੂਪੀ ਦੀ ਯੋਗੀ ਸਰਕਾਰ ਨੇ ਗਿਣੀ ਮਿਥੀ ਸਾਜ਼ਿਸ਼ ਨਾਲ 4 ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ।