ਜਸਬੀਰ ਸਿੰਘ ਚਾਨਾ
ਫਗਵਾੜਾ, 14 ਅਗਸਤ
ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਸ਼ੂਆਂ ’ਚ ਫ਼ੈਲੀ ਲੰਪੀ ਸਕਿਨ ਦੀ ਬਿਮਾਰੀ ਨਾਲ ਸਿੱਝਣ ਦੇ ਪ੍ਰਬੰਧ ਕੀਤੇ ਹੋਣ ਦੇ ਦਾਅਵੇ ਕਰ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਬਲਾਕ ਫਗਵਾੜਾ ਵਿੱਚ ਵੈਟਰਨਰੀ ਹਸਪਤਾਲ ’ਚ ਸਟਾਫ਼ ਨਾ ਹੋਣ ਕਾਰਨ ਪਸ਼ੂ ਪਾਲਕ ਖੱਜਲ ਖੁਆਰ ਹੋ ਰਹੇ ਹਨ। ਅੱਜ ਜਦੋਂ ਇਸ ਪ੍ਰਤੀਨਿਧੀ ਵਲੋਂ ਸ਼ਹਿਰ ਦੇ ਵੱਖ ਵੱਖ ਸੈਂਟਰਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਫਗਵਾੜਾ ਬਲਾਕ ਅੰਦਰ 21 ਸੈਂਟਰਾਂ ’ਤੇ ਸਿਰਫ਼ 5 ਵੈਟਰਨਰੀ ਅਫ਼ਸਰ, ਪੰਜ ਵੈਟਰਨਰੀ ਇੰਸਪੈਕਟਰ ਤੇ ਚਾਰ ਠੇਕੇ ’ਤੇ ਰੱਖੇ ਹੋਏ ਇੰਸਪੈਕਟਰ ਹੀ ਸੇਵਾ ’ਚ ਡਟੇ ਹੋਏ ਹਨ ਜਦਕਿ ਬਾਕੀ ਸੈਂਟਰਾਂ ’ਤੇ ਇੱਕ ਵੀ ਅਫ਼ਸਰ ਦੀ ਤਾਇਨਾਤੀ ਨਹੀਂ ਹੈ ਤੇ ਸਿਰਫ਼ ਇਨ੍ਹਾਂ ਅਫ਼ਸਰਾਂ ਨੂੰ ਹੀ ਵਾਧੂ ਚਾਰਜ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਾਪਤ ਸੂਚਨਾ ਅਨੁਸਾਰ ਹੁਣ ਤੱਕ ਫਗਵਾੜਾ ਬਲਾਕ ’ਚ ਕਰੀਬ 400 ਤੋਂ ਵੱਧ ਕੇਸ ਲੰਪੀ ਸਕਿਨ ਦੇ ਸਾਹਮਣੇ ਆਏ ਹਨ ਜਦਕਿ ਕਈ ਪਸ਼ੂ ਮਾਲਕ ਪ੍ਰਾਈਵੇਟ ਤੌਰ ’ਤੇ ਵੀ ਇਲਾਜ ਕਰਵਾ ਰਹੇ ਹਨ ਪਰ ਗਰੀਬ ਪਸ਼ੂ ਪਾਲਕਾਂ ਨੂੰ ਤਾਂ ਸਰਕਾਰੀ ਹਸਪਤਾਲਾਂ ਦਾ ਹੀ ਆਸਰਾ ਹੈ। ਲੋਕਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਮੰਗ ਹੈ ਕਿ ਫਗਵਾੜਾ ਬਲਾਕ ਦੇ ਸੈਂਟਰਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਸਟਾਫ਼ ਮੁਹੱਈਆ ਕਰਵਾਇਆ ਜਾਵੇ ਤਾਂ ਪਸ਼ੂਆਂ ਦੀ ਦੇਖਭਾਲ ਦਾ ਕੰਮ ਸਹੀ ਢੰਗ ਨਾਲ ਚੱਲ ਸਕੇ ਤੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਵੱਲੋਂ ਇਸ ਬਿਮਾਰੀ ਨਾਲ ਨਜਿੱਠਣ ਲਈ ਤਿੰਨ ਲੱਖ ਰੁਪਏ ਪ੍ਰਤੀ ਜ਼ਿਲ੍ਹੇ ਨੂੰ ਦਿੱਤਾ ਗਿਆ ਹੈ ਪਰ ਇਸ ’ਚ ਸਰਕਾਰ ਵੱਲੋਂ ਦਵਾਈ ਖਰੀਦਣ ਲਈ ਕਈ ਸ਼ਰਤਾਂ ਰੱਖੀਆਂ ਗਈਆਂ ਹਨ। ਇਸ ਕਾਰਨ ਦੁਕਾਨਦਾਰ ਵੀ ਵਿਭਾਗ ਨੂੰ ਦਵਾਈਆਂ ਦੇਣ ਤੋਂ ਆਨਾਕਾਨੀ ਕਰਦੇ ਹੀ ਨਜ਼ਰ ਆ ਰਹੇ ਹਨ। ਇਸ ਸਬੰਧੀ ਜਦੋਂ ਪੱਖ ਲੈਣ ਲਈ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਕਈ ਵਾਰ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।