ਪੱਤਰ ਪ੍ਰੇਰਕ
ਹੁਸ਼ਿਆਰਪੁਰ, 9 ਜੂਨ
ਇਥੇ ਲੇਬਰ ਪਾਰਟੀ ਦੇ ਵਰਕਰਾਂ ਨੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਸਸਤੀ ਕਰਨ ’ਤੇ ਮਾਹਿਲਪੁਰ ਅੱਡੇ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਜਿਹੜੀ ਸਿਆਸੀ ਪਾਰਟੀ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਦੇ ਦਾਅਵੇ ਕਰਦੀ ਸੀ, ਉਹੀ ਪਾਰਟੀ ਅੱਜ ਸ਼ਰਾਬ ਸਸਤੀ ਕਰ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰਨ ਵੱਲ ਤੁਰ ਪਈ ਹੈ। ਅਜਿਹਾ ਹੋਣ ਨਾਲ ਲੋਕਾਂ ਵਿੱਚ ਸ਼ਰਾਬ ਦੇ ਸੇਵਨ ਦੀ ਆਦਤ ਵਧੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਨੇ ਹਾਲਾਤ ਇਹ ਪੈਦਾ ਕਰ ਦਿੱਤੇ ਹਨ ਕਿ ਮਾਤਾ-ਪਿਤਾ ਨੂੰ ਆਪਣੇ ਨੌਜਵਾਨ ਪੁੱਤਰਾਂ ਦੀਆਂ ਅਰਥੀਆਂ ਨੂੰ ਮੌਢਾ ਦੇਣਾ ਪੈ ਰਿਹਾ ਹੈ। ਸ੍ਰੀ ਧੀਮਾਨ ਨੇ ਕਿਹਾ ਕਿ ਸ਼ਰਾਬ ਨਾਲੋਂ ਵੱਧ ਮਹੱਤਵਪੂਰਨ ਭੋਜਨ ਪਦਾਰਥ ਹਨ ਜੋ ਗਰੀਬਾਂ ਦੀ ਪਹੁੰਚ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਸਸਤੀ ਕਰਨ ਦੀ ਬਜਾਏ ਖਾਣ-ਪੀਣ ਦੀਆਂ ਵਸਤਾਂ ਸਸਤੀਆਂ ਕੀਤੀਆਂ ਜਾਣ ਤਾਂ ਜੋ ਗਰੀਬ ਵਰਗ ਦੋ ਡੰਗ ਦੀ ਰੋਟੀ ਖਾ ਸਕੇ। ਇਸ ਮੌਕੇ ਅਨਿਲ ਕੁਮਾਰ, ਚਰਨਜੀਤ ਕੌਰ, ਬਲਰਾਜ ਕੁਮਾਰ, ਧਰਮਪਾਲ, ਸੁਰਿੰਦਰ ਕੁਮਾਰ ਹੀਰ, ਸੰਦੀਪ ਕਮਾਰ, ਵਿਪਨ ਕੁਮਾਰ, ਹਰਦੀਪ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।