ਜਲੰਧਰ: ਪਿੰਡ ਕੰਗਣੀਵਾਲ ਵਿਚ ਇੰਦਰਾ ਅਵਾਸ ਯੋਜਨਾ ਤਹਿਤ ਸਥਾਪਤ ਕਲੋਨੀ ਵਿਚ ਸੀਵਰੇਜ ਦੇ ਕੰਮ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਐੱਮਪੀ ਨੇ ਕੀਤਾ। ਇਹ ਕੰਮ ਪੰਚਾਇਤ ਦੀ ਦੇਖ-ਰੇਖ ਹੇਠ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਪੀ ਨੇ ਇਸ ਕਾਰਜ ਲਈ ਪੰਜ ਲੱਖ ਰੁਪਏ ਗਰਾਂਟ ਹੋਰ ਦੇਣ ਦਾ ਐਲਾਨ ਕੀਤਾ ਅਤੇ ਇਸ ਤੋਂ ਇਲਾਵਾ ਪਾਰਕ ਦੀ ਜਗ੍ਹਾ ਨੂੰ ਸੁੰਦਰ ਬਣਾਉਣ ਲਈ ਵੀ ਲੋੜੀਂਦੀ ਸਮੱਗਰੀ ਦੇਣ ਦਾ ਵਾਅਦਾ ਕੀਤਾ। ਇਸੇ ਦੌਰਾਨ ਪਿੰਡ ਦੇ ਜੰਮਪਲ ਸੇਵਾਮੁਕਤ ਚੀਫ ਕਮਿਸ਼ਨਰ ਲੇਖ ਰਾਜ ਨਈਅਰ ਨੇ ਪਿੰਡ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਪਾਰਕ ਲਈ ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਪਿੰਡ ਦੇ ਵਸਨੀਕਾਂ ਨੇ ਸੀਵਰੇਜ ਨੂੰ ਵੱਡੇ ਲਿੰਕ ਨਾਲ ਜੋੜਨ ਦੀ ਮੰਗ ਕੀਤੀ। ਕਾਮਰੇਡ ਚਰੰਜੀ ਲਾਲ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। -ਨਿੱਜੀ ਪੱਤਰ ਪ੍ਰੇਰਕ