ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 25 ਅਕਤੂਬਰ
ਰਾਤ ਕਰੀਬ 9 ਵਜੇ ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਵਿੱਚ ਡਿਊਟੀ ਦੇ ਰਹੀ ਸਟਾਫ ਨਰਸ ’ਤੇ ਲੁੱਟ ਦੀ ਨੀਅਤ ਨਾਲ ਇੱਕ ਲੁਟੇਰੇ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਟਾਫ ਨਰਸ ਕੋਮਲਪ੍ਰੀਤ ਕੌਰ ਵਾਸੀ ਅਰਜਨਵਾਲ ਨੇ ਦੱਸਿਆ ਕਿ ਉਹ ਅੱਜ ਕਮਿਊਨਿਟੀ ਸਿਹਤ ਕੇਂਦਰ ਆਦਮਪੁਰ ਵਿੱਚ ਰਾਤ ਦੀ ਡਿਊਟੀ ਕਰ ਰਹੀ ਸੀ। ਰਾਤ ਕਰੀਬ 9 ਵਜੇ ਦਾ ਟਾਈਮ ਸੀ ਕਿ ਇੱਕ ਨਕਾਬਪੋਸ਼ ਲੁਟੇਰਾ ਉਨ੍ਹਾਂ ਦੇ ਦਫ਼ਤਰ ਆਇਆ ਤੇ ਚਾਕੂ ਨਾਲ ਉਸ ’ਤੇ ਹਮਲਾ ਕਰ ਕੇ ਗਲ ਵਿੱਚੋਂ ਸੋਨੇ ਦੀ ਚੇਨ ਖੋਹ ਕੇ ਭੱਜਣ ਲਗਾ ਤਾਂ ਉਸ ਵੱਲੋਂ ਰੌਲਾ ਪਾਉਣ ’ਤੇ ਹਸਪਤਾਲ ’ਚ ਡਿਊਟੀ ਦੇ ਰਹੇ ਮੈਡੀਕਲ ਅਫਸਰ ਡਾਕਟਰ ਬਲਜੀਤ ਸਿੰਘ ਤੇ ਮੌਜੂਦ ਹੋਰ ਸਟਾਫ ਨੇ ਉਸਨੂੰ ਕਾਬੂ ਕਰ ਲਿਆ ਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਮੌਕੇ ’ਤੇ ਪਹੁੰਚੇ ਏਐੱਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਸਪਤਾਲ ਦੀ ਸਟਾਫ ਨਰਸ ਕੋਮਲਪ੍ਰੀਤ ਕੌਰ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਬਿਆਨਾਂ ਦੇ ਆਧਾਰ ’ਤੇ ਨੌਜਵਾਨ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।