ਜਗਜੀਤ ਸਿੰਘ
ਮੁਕੇਰੀਆਂ, 12 ਸਤੰਬਰ
‘ਲੰਪੀ ਸਕਿਨ’ ਬਿਮਾਰੀ ਨੂੰ ਮਹਾਮਾਰੀ ਐਲਾਨ ਕੇ ਪੀੜਤ ਕਿਸਾਨਾਂ ਨੂੰ ਪ੍ਰਤੀ ਪਸ਼ੂ 1 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਲਈ ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਸਭਾ ਦੇ ਪ੍ਰਧਾਨ ਆਸ਼ਾ ਨੰਦ ਦੀ ਅਗਵਾਈ ਵਿੱਚ ਹੋਏ ਰੋਸ ਪ੍ਰਦਰਸ਼ਨ ਮਗਰੋਂ ਐੱਸਡੀਐੱਮ ਮੁਕੇਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਆਗੂਆਂ ਕਿਹਾ ਕਿ ‘ਲੰਪੀ ਸਕਿਨ’ ਨੇ ਕਿਸਾ਼ਨਾਂ ਤੇ ਪਸ਼ੂ ਪਾਲਕਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ, ਪਰ ਸੂਬਾ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਨੂੰ ਬਿਮਾਰੀ ਦੀ ਰੋਕਥਾਮ ਲਈ ਜਿਹੜੀ ਗੰਭੀਰਤਾ ਦਿਖਾਉਣੀ ਚਾਹੀਦੀ ਸੀ, ਨਹੀਂ ਦਿਖਾਈ ਗਈ। ਸਰਕਾਰ ਪਸ਼ੂ ਹਸਪਤਾਲਾਂ ਅੰਦਰ ਲੋੜੀਂਦੇ ਡਾਕਟਰਾਂ ਤੇ ਹੋਰ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਅਤੇ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਬਿਮਾਰੀ ਨੂੰ ਮਹਾਮਾਰੀ ਐਲਾਨਿਆ ਜਾਵੇ ਅਤੇ ਪ੍ਰਤੀ ਪਸ਼ੂ ਦੇ ਨੁਕਸਾਨ ਦਾ ਇੱਕ ਲੱਖ ਰੁਪਏ ਤੇ ਬਿਮਾਰ ਪਸ਼ੂ ਦਾ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਬਿਮਾਰ ਪਸ਼ੂਆਂ ਦਾ ਇਲਾਜ ਮੁਫਤ ਕੀਤਾ ਜਾਵੇ, ਮਰੇ ਪਸ਼ੂਆਂ ਨੂੰ ਦਫਨਾਉਣ ਦਾ ਪ੍ਰਬੰਧ ਕੀਤਾ ਜਾਵੇ। ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦਾ ਟੀਕਾਕਰਨ ਵੱਡੇ ਪੱਧਰ ’ਤੇ ਕਰਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਤੇ ਕੇਂਦਰ ਸਰਕਾਰ ਨੇ ਉਕਤ ਮਸਲੇ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਰਘੁਵੀਰ ਸਿੰਘ ਪੰਡੋਰੀ, ਰਜਿੰਦਰ ਸਿੰਘ ਸਮਿਆਲ, ਸੋਮ ਰਾਜ ਬਰਿਆਹ, ਬਲਵੀਰ ਸਿੰਘ ਸਿੱਬੋ ਚੱਕ, ਗੁਰਦੀਪ ਸਿੰਘ, ਦੀਵਾਨ ਚੰਦ, ਪ੍ਰੀਕਸ਼ਿਤ, ਰਾਜਿੰਦਰਪਾਲ ਗੋਗੀ, ਵਿਨੋਦ ਕੁਮਾਰ, ਬਲਜੀਤ ਬੰਟੀ, ਲਖਵੀਰ ਸਿੰਘ, ਵਿਨੋਦ ਕੁਮਾਰ ਵੀਨੂੰ ਤੇ ਵਿਜੇ ਸਿੰਘ ਪੋਤਾ ਆਦਿ ਵੀ ਹਾਜ਼ਰ ਸਨ।