ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 28 ਅਕਤੂਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਪਿੰਡ ਰਾਮੇ ਦੇ ਇਕ ਗਰੀਬ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਬੇਰੰਗ ਮੋੜ ਦਿੱਤਾ।
ਕਮੇਟੀ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਦੱਸਿਆ ਕਿ ਪਿੰਡ ਰਾਮੇ ਦੇ ਗਰੀਬ ਕਿਸਾਨ ਤੇਜਾ ਸਿੰਘ ਪੁੱਤਰ ਕੱਕਾ ਸਿੰਘ ਵੱਲੋਂ ਕਰਜ਼ਾ ਨਾ ਮੋੜੇ ਜਾਣ ਕਾਰਨ ਅਧਿਕਾਰੀ ਉਸ ਦੀ ਜ਼ਮੀਨ ਦੀ ਨਿਲਾਮੀ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰਾਂ ਸਮੇਤ ਮੌਕੇ ’ਤੇ ਪਹੁੰਚ ਕੇ ਇਸ ਨਿਲਾਮੀ ਦਾ ਵਿਰੋਧ ਕਰਦਿਆਂ ਤਹਿਸੀਲਦਾਰ ਸਮੇਤ ਸਮੁੱਚੇ ਅਮਲੇ ਨੂੰ ਬੇਰੰਗ ਵਾਪਸ ਮੋੜ ਦਿੱਤਾ। ਕਿਸਾਨਾਂ ਦੇ ਵਿਰੋਧ ਕਾਰਨ ਅਧਿਕਾਰੀਆਂ ਨੂੰ ਜ਼ਮੀਨ ਦੀ ਨਿਲਾਮੀ ਕਰਵਾਏ ਬਿਨਾਂ ਹੀ ਵਾਪਸ ਜਾਣਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਚੋਣਾਂ ਮੌਕੇ ਬਦਲਾਅ ਦੇ ਵੱਡੇ-ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੇ ਰਾਹ ਪੈ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ।