ਪੱਤਰ ਪ੍ਰੇਰਕ
ਸ਼ਾਹਕੋਟ, 4 ਮਈ
ਪਿੰਡ ਮੰਢਾਲਾ ਛੰਨਾਂ ਦੇ ਇੱਕ ਕਿਸਾਨ ਦੀ ਕੁਰਕੀ ਕਰਨ ਪਹੁੰਚੀ ਸਿਵਲ ਪ੍ਰਸ਼ਾਸਨ ਦੀ ਟੀਮ ਨੂੰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਵਿਰੋਧ ਕਾਰਨ ਬੇਰੰਗ ਮੁੜਨਾ ਪਿਆ। ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਦੱਸਿਆ ਕਿ ਕਿਸਾਨ ਕੱਕਾ ਸਿੰਘ ਵਾਸੀ ਮੰਢਾਲਾ ਛੰਨਾਂ ਨੇ ਕੰਬਾਈਨ ਖਰੀਦਣ ਲਈ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਕਿਸਾਨ ਕਰਜ਼ੇ ਦੀਆਂ ਕੁੱਝ ਕਿਸ਼ਤਾਂ ਵੀ ਅਦਾ ਨਹੀਂ ਕਰ ਸਕਿਆ। ਜਿਸ ਕਾਰਨ ਤਹਿਸੀਲਦਾਰ ਤੇ ਉਸ ਦੀ ਟੀਮ ਕਿਸਾਨ ਦੀ ਕੁਰਕੀ ਕਰਨ ਦਾ ਸੰਦੇਸ਼ ਲੈ ਕੇ ਪਹੁੰਚ ਗਈ। ਇਸ ਮੌਕੇ ਜੋਗਿੰਦਰ ਸਿੰਘ, ਪ੍ਰੇਮ ਸਿੰਘ, ਦਲਬੀਰ ਸਿੰਘ, ਹਰਬੰਸ ਸਿੰਘ ਅਤੇ ਕੱਕੜ ਸਿੰਘ ਤੋਂ ਇਲਾਵਾ ਅਨੇਕਾਂ ਕਿਸਾਨ ਮੌਜੂਦ ਸਨ।