ਲਾਜਵੰਤ ਸਿੰਘ
ਨਵਾਂਸ਼ਹਿਰ, 22 ਮਾਰਚ
ਕਿਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ, ਬਿਜਲੀ ਬਿੱਲ-2020 ਰੱਦ ਕਰਨ ਦੀ ਮੰਗ ਨੂੰ ਲੈ ਕੇ ਨਵਾਂਸ਼ਹਿਰ ਵਿੱਚ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ’ਤੇ ਚਲਾਇਆ ਜਾ ਰਿਹਾ ਦਿਨ ਰਾਤ ਦਾ ਧਰਨਾ 157ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਇਹ ਧਰਨਾ 15 ਅਕਤੂਬਰ 2020 ਤੋਂ ਸ਼ੁਰੂ ਕੀਤਾ ਗਿਆ ਸੀ ਜੋ ਇਸ ਜ਼ਿਲ੍ਹੇ ਦੀਆਂ ਸਰਗਰਮੀਆਂ ਦਾ ਕੇਂਦਰ ਬਣਿਆ ਹੋਇਆ ਹੈ। ਬੰਦ ਹੋਣ ਤੋਂ ਪਹਿਲਾਂ ਇਸ ਸਟੋਰ ਦੀ ਰੋਜ਼ਾਨਾ ਸੇਲ 24 ਲੱਖ ਰੁਪਏ ਸੀ। ਸੰਯੁਕਤ ਮੋਰਚਾ ਦਿੱਲੀ ਦੇ ਸਾਰੇ ਸੱਦਿਆਂ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ। ਟਰੈਕਟਰ ਮਾਰਚ ਕੱਢੇ ਗਏ, ਭਾਜਪਾ ਆਗੂਆਂ ਦੇ ਘਿਰਾਓ ਕੀਤੇ ਗਏ, ਮੋਮਬੱਤੀ ਮਾਰਚ ਕੱਢੇ ਗਏ, ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ, ਪ੍ਰਧਾਨ ਮੰਤਰੀ, ਮੰਤਰੀਆਂ, ਅੰਡਾਨੀ, ਅੰਬਾਨੀਆਂ ਦੇ ਪੁਤਲੇ ਫੂਕੇ ਗਏ ਤੇ ਭਾਜਪਾ ਆਗੂਆਂ ਦੇ ਪੁਤਲੇ ਫੂਕੇ ਗਏ। 10 ਦਸੰਬਰ ਨੂੰ ਰਿਲਾਇੰਸ ਸਟੋਰ ਅੱਗੇ ਕਿਰਤੀ ਕਿਸਾਨ ਯੂਨੀਅਨ ਤੇ ਜਮਹੂਰੀ ਅਧਿਕਾਰ ਸਭਾ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ। ਇਸ ਧਰਨੇ ’ਚ ਕਵੀ ਦਰਬਾਰ ਕਰਵਾਇਆ ਗਿਆ, ਡਾਕਟਰ ਸਾਹਿਬ ਸਿੰਘ ਤੇ ਬੀਬਾ ਕੁਲਵੰਤ ਦੀਆਂ ਟੀਮਾ ਦੇ ਨਾਟਕ ਕਰਵਾਏ ਗਏ। 30 ਦਸੰਬਰ ਨੂੰ ਧਰਨਾ ਸਥਾਨ ਉੱਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। 31 ਦਸੰਬਰ ਨੂੰ ਮੋਮਬੱਤੀ ਮਾਰਚ ਕੀਤਾ ਗਿਆ ਤੇ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ, 18 ਜਨਵਰੀ ਨੂੰ ਔਰਤ ਕਿਸਾਨ ਦਿਵਸ ਮਨਾਇਆ ਗਿਆ, 30 ਜਨਵਰੀ ਨੂੰ ਦਿੱਲੀ ਦੀਆਂ ਜੇਲ੍ਹਾਂ ’ਚ ਬੰਦ ਨੌਜਵਾਨਾਂ, ਕਿਸਾਨਾਂ ਦੀ ਰਿਹਾਈ ਲਈ ਤੇ ਪੁਲੀਸ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਾਨਫਰੰਸ ਤੇ ਮੁਜ਼ਾਹਰਾ ਕੀਤਾ ਗਿਆ।11 ਫਰਵਰੀ ਨੂੰ ਮਜ਼ਦੂਰ ਆਗੂ ਨੌਦੀਪ ਕੌਰ ਤੇ ਉਸਦੇ ਸਾਥੀਆਂ ਦੀ ਰਿਹਾਈ ਲਈ, ਦਿਸ਼ਾ ਰਵੀ ਦੀ ਰਿਹਾਈ ਲਈ ਰੈਲੀ ਤੇ ਮੁਜ਼ਾਹਰਾ ਕੀਤਾ ਗਿਆ, 24 ਫਰਵਰੀ ਨੂੰ ਦਿੱਲੀ ਦੀਆਂ ਜੇਲ੍ਹਾਂ ’ਚ ਬੰਦ ਨੌਜਵਾਨਾਂ ਤੇ ਕਿਸਾਨਾਂ ਦੀ ਰਿਹਾਈ ਲਈ ਨਵਾਂਸ਼ਹਿਰ ’ਚ ਕਾਨਫਰੰਸ ਤੇ ਮੁਜ਼ਾਹਰਾ ਕੀਤਾ ਗਿਆ। 27 ਫਰਵਰੀ ਨੂੰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। 8 ਮਾਰਚ ਨੂੰ ਇਸ ਧਰਨਾ ਸਥਾਨ ਉੱਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ। ਜ਼ਿਲੇ ਦੇ ਸੰਘਰਸ਼ਾਂ ਦੇ ਇਸ ਕੇਂਦਰ ਤੇ ਦਿੱਲੀ ਨੂੰ ਜਾਣ ਵਾਲੇ ਟਰੈਕਟਰ-ਟਰਾਲੀਆਂ ਤੇ ਹੋਰ ਗੱਡੀਆਂ ਰਜਿਸਟਰ ’ਚ ਆਪਣੀ ਐਂਟਰੀ ਕਰਵਾ ਕੇ ਜਾਂਦੀਆਂ ਹਨ।