ਗੁਰਦੇਵ ਸਿੰਘ ਗਹੂੰਣ
ਬਲਾਚੌਰ, 9 ਅਗਸਤ
ਸਥਾਨਕ ਤਹਿਸੀਲ ਦੇ ਸੜੋਆ ਬਲਾਕ ਦੇ ਪਿੰਡ ਦਿਆਲਾਂ ਦੇ ਵਸਨੀਕ ਅਵਤਾਰ ਸਿੰਘ, ਮਨਮੋਹਨ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਮੇਲ ਸਿੰਘ, ਮਹਿੰਦਰ ਸਿੰਘ, ਕਰਨੈਲ ਸਿੰਘ, ਹਰਜੀਤ ਸਿੰਘ, ਅਮਰੀਕ ਸਿੰਘ, ਗੁਰਬਖਸ਼ ਸਿੰਘ, ਸੁਰਿੰਦਰ ਕੌਰ, ਦਵਿੰਦਰ ਕੌਰ, ਪਰਮਜੀਤ ਕੌਰ, ਬਲਵੀਰ ਕੌਰ ਅਤੇ ਚਰਨਜੀਤ ਕੌਰ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਕੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦਾ ਸਰਪੰਚ ਅਤੇ ਗ੍ਰਾਮ ਪੰਚਾਇਤ ਧੱਕੇ ਨਾਲ ਸੀਵਰੇਜ ਦਾ ਪਾਣੀ ਉਲਟ (ਚੜ੍ਹਦੇ) ਪਾਸੇ ਵੱਲ ਨੂੰ ਪਾਉਣ ਲਈ ਬਜ਼ਿੱਦ ਹੈ, ਜਿਸ ਨਾਲ ਗੰਦਾ ਪਾਣੀ ਵਾਪਸ ਉਨ੍ਹਾਂ ਦੇ ਘਰਾਂ ਵਿੱਚ ਵੜ ਕੇ ਸਮੱਸਿਆਵਾਂ ਪੈਦਾ ਕਰੇਗਾ। ਜਦੋਂਕਿ ਪਿੰਡ ਵਿੱਚ 10 ਕੁ ਸਾਲ ਪਹਿਲਾਂ ਦਾ ਹੀ ਸੀਵਰੇਜ ਪਿਆ ਹੋਇਆ ਹੈ, ਜਿਸ ਦੀ ਨਿਕਾਸੀ ਵੀ ਵਧੀਆ ਢੰਗ ਨਾਲ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਨੂੰ ਸੀਵਰੇਜ ਸਬੰਧੀ ਨਾ ਤਾਂ ਕੋਈ ਗਰਾਂਟ ਜਾਰੀ ਹੋਈ ਹੈ, ਨਾ ਹੀ ਸਮਰੱਥ ਅਧਿਕਾਰੀ ਵਲੋਂ ਤਕਨੀਕੀ ਮਨਜ਼ੂਰੀ ਦਿੱਤੀ ਗਈ ਹੈ ਅਤੇ ਇੱਥੋਂ ਤੱਕ ਕਿ ਬਿਨਾਂ ਟਰੀਟਮੈਂਟ ਪਲਾਂਟ ਲਗਾਇਆਂ ਗੰਦੇ ਪਾਣੀ ਨੂੰ ਖਾਲੇ ਵਿੱਚ ਖੁੱਲ੍ਹਾ ਛੱਡਣ ਦੀ ਵਿਉਂਤ ਬਣਾਈ ਗਈ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੰਚਾਇਤ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ, ਤਾਂ ਜੋ ਉਹ ਅਮਨ-ਚੈਨ ਨਾਲ ਰਹਿ ਸਕਣ। ਉਧਰ ਦਿਆਲਾਂ ਦੇ ਸਰਪੰਚ ਜਤਿੰਦਰ ਸਿੰਘ ਨੇ ਇਨ੍ਹਾਂ ਗੱਲਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹਇਹ ਕੰਮ ਅਧਿਕਾਰੀਆਂ ਦੀ ਦੇਖ-ਰੇਖ ਹੇਠ ਨਿਯਮਾਂ ਤਹਿਤ ਕਰ ਰਹੇ ਹਨ।