ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਅਪਰੈਲ
ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ’ਤੇ ਦੋਸ਼ ਲਾਇਆ ਹੈ ਕਿ ਉਹ ਪਿੰਡ ਰਾਏਪੁਰ ਅਰਾਈਆਂ ’ਚ ਇਕ ਪੰਚ ਦੀ ਚੋਣ ਕਰਵਾਉਣ ਦੇ ਛੋਟੇ ਜਿਹੇ ਮਸਲੇ ਵਿਚ ਅੜਿੱਕਾ ਡਾਹ ਰਹੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਆਉਂਦੇ ਪਿੰਡ ਰਾਏਪੁਰ ਅਰਾਈਆਂ ਦੇ ਕੁੱਲ ਨੌਂ ਪੰਚ ਹਨ। ਕਾਂਗਰਸ ਪਾਰਟੀ ਨਾਲ ਸਬੰਧਿਤ ਸਰਪੰਚ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਖਾਲੀ ਹੋਏ ਪੰਚ ਦੇ ਅਹੁਦੇ ਲਈ ਚੋਣ ਕਰਵਾਉਣੀ ਲਾਜ਼ਮੀ ਹੈ।
ਸੁਖਪਾਲ ਖਹਿਰਾ ਨੇ ਦੱਸਿਆ ਕਿ ਪੰਚ ਦੀ ਚੋਣ ਕਰਵਾਉਣ ਲਈ ਬੀਡੀਪੀਓ ਨਡਾਲਾ ਨੇ ਪਹਿਲਾਂ 25 ਅਪਰੈਲ ਨੂੰ ਨੋਟਿਸ ਭੇਜਿਆ, ਜਿਸ ਵਿਚ ਕਾਂਗਰਸ ਨਾਲ ਸਬੰਧਿਤ ਛੇ ਪੰਚਾਂ ਵਿੱਚੋਂ ਪੰਜ ਹਾਜ਼ਰ ਹੋਏ ਪਰ ਬੀਡੀਪੀਓ ਖ਼ੁਦ ਦਫ਼ਤਰ ਨਹੀਂ ਆਇਆ ਤੇ ਮੀਟਿੰਗ ਮੁਲਤਵੀ ਕਰ ਦਿੱਤੀ। ਸ੍ਰੀ ਖਹਿਰਾ ਨੇ ਦੱਸਿਆ ਕਿ ਦੂਜੀ ਵਾਰ ਨੋਟਿਸ 28 ਅਪਰੈਲ ਨੂੰ ਭੇਜਿਆ ਗਿਆ। ਇਸ ਮੀਟਿੰਗ ਵਿਚ ਵੀ ਛੇ ਕਾਂਗਰਸੀ ਪੰਚ ਹਾਜ਼ਰ ਹੋਏ। ਕੋਰਮ ਪੂਰਾ ਹੋਣ ਦੇ ਬਾਵਜੂਦ ਬੀਡੀਪੀਓ ਦਫ਼ਤਰ ਵਿੱਚੋਂ ਗ਼ੈਰਹਾਜ਼ਰ ਰਿਹਾ। ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਕਪੂਰਥਲਾ ਦੇ ਅਧਿਕਾਰੀਆਂ ਨੂੰ ਪੰਚ ਦੀ ਚੋਣ ਨਾ ਕਰਵਾਉਣ ਲਈ ਪੰਚਾਇਤ ਮੰਤਰੀ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਨਾ ਕਰਵਾਈ ਤਾਂ ਉਹ ਇਸ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਣ ਲਈ ਮਜਬੂਰ ਹੋਣਗੇ।