ਦੀਪਕ ਠਾਕੁਰ
ਤਲਵਾੜਾ, 17 ਮਈ
ਬਲਾਕ ਦੇ ਨੀਮ ਪਹਾੜੀ ਪਿੰਡਾਂ ’ਚ ਜੰਗਲਾਂ ਵਿੱਚੋਂ ਦਰੱਖਤਾਂ ਦੀ ਕਥਿਤ ਕਟਾਈ ਰੁਕ ਨਹੀਂ ਰਹੀ। ਇਲਾਕੇ ’ਚ ਲੱਕੜ ਮਾਫੀਏ ਦੀ ਸਰਗਰਮੀ ਕਾਰਨ ਜੰਗਲਾਂ ’ਚ ਦਰੱਖ਼ਤ ਤੇਜ਼ੀ ਨਾਲ ਗਾਇਬ ਹੋ ਰਹੇ ਹਨ ਪਰ ਜੰਗਲਾਤ ਵਿਭਾਗ ਡੈਮੇਜ ਰਿਪੋਰਟ ਕੱਟ ਕੇ ਆਪਣਾ ਪੱਖ ਪੂਰ ਰਿਹਾ ਹੈ। ਤਾਜ਼ਾ ਮਾਮਲਾ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਬਲਾਕ ਦੇ ਨੀਮ ਪਹਾੜੀ ਪਿੰਡ ਭਵਨੌਰ ਖੁੰਡਿਆਲਾ ਪੱਤੀ ਦਾ ਹੈ, ਜਿੱਥੇ ਲੱਕੜ ਮਾਫੀਏ ਨੇ ਪੰਚਾਇਤੀ ਰਕਬੇ ’ਚੋਂ ਲੱਖਾਂ ਰੁਪਏ ਦੇ ਖੈਰ ਦੇ ਦਰੱਖ਼ਤ ਚੋਰੀ ਵੱਢ ਲਏ ਹਨ। ਰੌਲਾ ਪੈਣ ਮਗਰੋਂ ਜੰਗਲਾਤ ਵਿਭਾਗ ਨੇ ਮਹਿਜ਼ 41 ਖੈਰਾਂ ਦੀ ਡੈਮੇਜ ਰਿਪੋਰਟ ਕੱਟੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਭਵਨੌਰ ਪੱਤੀ ਖੁੰਡਿਆਲਾ ਰਕਬਾ ਸ਼ਾਮਲਾਟ ਵੱਡਾ ਟਿੱਲਾ ਹਦਸਬਤ ਨੰਬਰ 621 ’ਚੋਂ ਵੱਡੀ ਗਿਣਤੀ ਖੈਰ ਦੇ ਦਰੱਖ਼ਤ ਚੋਰੀ ਕਰ ਲਏ ਗਏ ਹਨ। ਇਸ ਸਬੰਧੀ ਪਿੰਡ ਦੇ ਵਾਸੀ ਸਤਪਾਲ ਨੇ ਇੱਕ ਲਿਖਤੀ ਸ਼ਿਕਾਇਤ ਮਿਤੀ 4-5-2021 ਨੂੰ ਕੀਤੀ ਸੀ, ਜਿਸ ਵਿੱਚ ਉਸ ਨੇ ਗ੍ਰਾਮ ਪੰਚਾਇਤ ਖੁੰਡਿਆਲਾ ਪੱਤੀ ਦੀ ਕਥਿਤ ਮਿਲੀਭੁਗਤ ਨਾਲ ਖੈਰ ਚੋਰੀ ਵੱਢਣ ਦੇ ਦੋਸ਼ ਲਗਾਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਭਵਨੌਰ ਵਿੱਚ ਕੁੱਲ 8700 ਕਨਾਲ ਦੇ ਕਰੀਬ ਸ਼ਾਮਲਾਤ ਜ਼ਮੀਨ ਹੈ, ਜਿਸ ਵਿੱਚੋਂ ਬਹੁਤਾ ਰੱਕਬਾ ਜੰਗਲੀ ਹੈ, ਲੱਕੜ ਮਾਫੀਏ ਨੇ ਸ਼ਾਮਲਾਤ ਰੱਕਬੇ ਵਿੱਚ ਕਰੀਬ 30 ਲੱਖ ਰੁਪਏ ਦੇ ਖ਼ੈਰ ਚੋਰੀ ਕੀਤੇ ਹਨ। ਹਾਲਾਂਕਿ ਜੰਗਲਾਤ ਵਿਭਾਗ ਨੇ ਮਹਿਜ਼ 41 ਖ਼ੈਰਾਂ ਦੀ ਡੈਮੇਜ ਰਿਪੋਰਟ ਕੱਟਣ ਦਾ ਦਾਅਵਾ ਕੀਤਾ ਹੈ। ਬੀਡੀਪੀਓ ਤਲਵਾੜਾ ਯੁਧਵੀਰ ਸਿੰਘ ਨੇ ਕਿਹਾ ਕਿ ਪੰਚਾਇਤੀ ਰਕਬੇ ’ਚੋਂ ਖੈਰ ਦੇ ਦਰੱਖਤਾਂ ਦੀ ਹੋਈ ਚੋਰੀ ਸਬੰਧੀ ਲੋੜੀਂਦੀ ਕਾਰਵਾਈ ਲਈ ਡੀਐੱਫਓ ਜੰਗਲਾਤ ਵਿਭਾਗ ਅਤੇ ਥਾਣਾ ਤਲਵਾੜਾ ਨੂੰ ਲਿਖ ਦਿੱਤਾ ਹੈ। ਡੀਐੱਫਓ ਦਸੂਹਾ ਅਟਲ ਮਹਾਜਨ ਨੇ ਕਿਹਾ ਕਿ ਕੱਟੇ ਖੈਰਾਂ ਦੀ ਡੈਮੇਜ ਰਿਪੋਰਟ ਕੱਟ ਦਿੱਤੀ ਗਈ ਹੈ ਤੇ ਦਰੱਖਤ ਚੋਰੀ ਵਾਲਿਆਂ ਦੀ ਭਾਲ ਜਾਰੀ ਹੈ।
ਸਰਪੰਚ ਨੇ ਦੋਸ਼ ਨਕਾਰੇ
ਪਿੰਡ ਭਵਨੌਰ ਖੁੰਡਿਆਲ ਪੱਤੀ ਦੇ ਸਰਪੰਚ ਕੇਵਲ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਸਾਜ਼ਿਸ਼ ਤਹਿਤ ਉਸ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।