ਪੱਤਰ ਪ੍ਰੇਰਕ
ਹੁਸ਼ਿਆਰਪੁਰ, 26 ਜੁਲਾਈ
ਕਾਰਗਿਲ ਵਿਜੈ ਦਿਵਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੰਜੀਵ ਅਰੋੜਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਵਾਰ ਮੈਮੋਰੀਅਲ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ੍ਰੀ ਅਰੋੜਾ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ’ਤੇ ਦਿਨ ਰਾਤ ਪਹਿਰਾ ਦੇ ਰਹੇ ਭਾਰਤ ਦੇ ਜਵਾਨਾਂ ਦੀ ਬਦੌਲਤ ਹੀ ਦੇਸ਼ ਅੰਦਰ ਸੁਰੱਖਿਅਤ ਵਾਤਾਵਰਨ ਵਿੱਚ ਰਹਿ ਰਹੇ ਹਨ।
ਅਟਾਰੀ(ਪੱਤਰ ਪ੍ਰੇਰਕ): ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਵਿੱਚ ਐੱਨਸੀਸੀ ਕੈਡਿਟਾਂ ਵੱਲੋਂ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਇਸ ਮੌਕੇ ਹਵਾਲਦਾਰ ਹਰਮੇਸ਼ ਸਿੰਘ ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਅਤੇ ਸੂਬੇਦਾਰ ਜਸਵੀਰ ਸਿੰਘ, ਹੌਲਦਾਰ ਅਨਿਲ ਯਾਦਵ 24 ਪੰਜਾਬ ਬਟਾਲੀਅਨ ਵੱਲੋਂ ਹਾਜ਼ਰ ਸਨ। ਇਸ ਮੌਕੇ ਸਕੂਲ ਦੇ ਐੱਨਸੀਸੀ ਕੈਡਿਟਾਂ ਵੱਲੋਂ ਇਨ੍ਹਾਂ ਸ਼ਹੀਦਾਂ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਉਪਰੰਤ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾ ਕੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਹਰਮਨਪ੍ਰੀਤ ਸਿੰਘ ਉੱਪਲ ਅਤੇ ਰਾਕੇਸ਼ ਸਿੰਘ ਵੀ ਮੌਜੂਦ ਸਨ।
ਫਗਵਾੜਾ(ਪੱਤਰ ਪ੍ਰੇਰਕ): ਇਥੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਅੱਜ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਦਾ ਉਚਾਰਨ ਕੀਤਾ। ਇਸ ਮੌਕੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਨਾਟਕ ਪੇਸ਼ ਕੀਤਾ ਗਿਆ। ਤੀਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸਬੰਧਤ ਗੀਤ ਤੇ ਨਾਚ ਪੇਸ਼ ਕਰ ਕੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਜ਼ੋਰਾਵਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਾਰਗਿਲ ਦਿਵਸ ਦੀ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਵੱਡੇ ਹੋ ਕੇ ਭਾਰਤੀ ਫ਼ੌਜ ’ਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ। ਸਕੂਲ ਚੇਅਰਪਰਸਨ ਜਸਬੀਰ ਕੌਰ ਬਾਸੀ ਨੇ ਵੀ ਵਿਦਿਆਰਥੀਆਂ ਤੇ ਸਾਰੇ ਸਟਾਫ਼ ਨੂੰ ਕਾਰਗਿਲ ਦਿਵਸ ਦੀ ਵਧਾਈ ਦਿੱਤੀ।
ਸੇਂਟ ਕਬੀਰ ਸਕੂਲ ਸੁਲਤਾਨਪੁਰ ਵਿੱਚ ਵਿਜੈ ਦਿਵਸ ਮਨਾਇਆ
ਧਾਰੀਵਾਲ(ਸੁੱਚਾ ਸਿੰਘ ਪਸਨਾਵਾਲ): ਇਥੇ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿਖੇ ਕਾਰਗਿਲ ਦੀ ਲੜਾਈ ਵਿੱਚ ਭਾਰਤ ਜਿੱਤ ਦਾ ਪ੍ਰਤੀਕ ਬਹੁਤ ਹੀ ਇਤਿਹਾਸਿਕ ਦਿਨ ਵਿਜੈ ਦਿਵਸ ਮਨਾਇਆ ਗਿਆ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਐੱਸਬੀ ਨਾਯਰ ਅਤੇ ਪ੍ਰਬੰਧਕ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਦੀ ਪ੍ਰਧਾਨਗੀ ਹੇਠ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਅੱਠਵੀਂ ਜਮਾਤ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਦੁਆਰਾ ਇਸ ਦਿਨ ਦੀ ਮਹੱਤਤਾ ਬਾਰੇ ਭਾਸ਼ਣ ਕਰਕੇ ਕੀਤੀ। ਮੈਡਮ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਤੇ ਕਾਰਗਿਲ ਦੀ ਲੜਾਈ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਭਾਵਕਤਾ ਭਰਪੂਰ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਨੌਂਵੀ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਸੰਬੰਧੀ ਕਵਿਤਾਵਾਂ ਤੇ ਗਰੁੱਪ ਗੀਤਾਂ ਦੀ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦੇ ਅਖੀਰ ’ਚ ਪ੍ਰਿੰਸੀਪਲ ਐਸ.ਬੀ ਨਾਯਰ ਅਤੇ ਪ੍ਰਬੰਧਕ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਵਲੋਂ ਸਮੁੱਚੇ ਸਕੂਲ ਨੂੰ ਭਾਰਤੀ ਵਿਜੈ ਦਿਵਸ ਸੰਬੰਧੀ ਵਧਾਈ ਦਿੱਤੀ ਅਤੇ ਸ਼ਹੀਦਾਂ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ।