ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਜੁਲਾਈ
ਕਾਰਗਿਲ ਜੰਗ ਦੇ 22 ਸਾਲ ਪੂਰੇ ਹੋਣ ’ਤੇ ਇਸ ਨੂੰ ‘ਕਾਰਗਿਲ ਵਿਜੈ ਦਿਵਸ’ ਵਜੋਂ ਮਨਾਇਆ ਗਿਆ। ਜਲੰਧਰ ਛਾਉਣੀ ਦੇ ਸ਼ੌਰਯ ਸਥੱਲ ’ਤੇ ਵਜਰਾ ਕੋਰ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਵਿਜੈ ਦਿਵਸ ਸਮਾਰੋਹ ਦੌਰਾਨ ਕਾਰਗਿਲ ਜੰਗ ਵਿਚ ਦੇਸ਼ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਨੂੰ ਯਾਦ ਕੀਤਾ। ਇਸ ਮੌਕੇ ਲੈਫਟੀਨੈਂਟ ਜਨਰਲ ਸੀ ਬਾਂਸੀ ਪੋਨੱਪਾ (ਜਨਰਲ ਅਫਸਰ ਕਮਾਂਡਿੰਗ ਵਜਰਾ ਕੋਰ) ਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮਾਗਮ ਵਿਚ ਸੀਨੀਅਰ ਅਧਿਕਾਰੀ ਤੇ ਸੇਵਾ-ਮੁਕਤ ਅਧਿਕਾਰੀਆਂ ਨੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੇ ਸ਼ਹੀਦ ਜਵਾਨਾਂ ਨੂੰ ਯਾਦ ਕੀਤਾ। ਵਜਰਾ ਕੋਰ ਅਧੀਨ ਆਉਂਦੇ ਸਾਰੇ ਸਟੇਸ਼ਨਾਂ ’ਤੇ ਕਾਰਗਿਲ ਦੇ ਸ਼ਹੀਦਾਂ ਦੇ ਸਨਮਾਨ ਵਿਚ ਸਮਾਗਮ ਕੀਤੇ ਗਏ। ਇਸੇ ਦੌਰਾਨ ਕਸ਼ਅਪ ਨੌਜਵਾਨ ਧਾਰਮਿਕ ਸਭਾ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਹਰ ਸਾਲ ਦੀ ਤਰ੍ਹਾਂ ਯਾਦ ਕੀਤਾ ਗਿਆ ਤੇ ਬੱਸ ਅੱਡੇ ਨੇੜੇ ਵਾਰ ਮੈਮੋਰੀਅਲ ਪੰਜਾਬ ਸਟੇਟ ’ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ।
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਐੱਨਸੀਸੀ ਯੂਨਿਟ ਵੱਲੋਂ ਐੱਨਸੀਸੀ ਅਫਸਰ ਲੈਫਟੀਨੈਂਟ ਪ੍ਰੋ. ਤਜਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਖੇਤਰ ਦੇ ਕਸਬਾ ਜੇਜੋਂ ਦੋਆਬਾ ਵਿੱਚ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਕਾਰਗਿਲ ਦਿਵਸ ਮਨਾਇਆ ਗਿਆ।
ਭੋਗਪੁਰ (ਪੱਤਰ ਪ੍ਰੇਰਕ): ਐਕਸ ਆਰਮੀ ਵੈੱਲਫੇਅਰ ਕਮੇਟੀ ਬਲਾਕ ਭੋਗਪੁਰ ਨੇ ਚੇਅਰਮੈਨ ਹਰਭਜਨ ਸਿੰਘ ਦੀ ਅਗਵਾਈ ਹੇਠ 22ਵਾਂ ਕਾਰਗਿਲ ਵਿਜੈ ਦਿਵਸ ਮਨਾਇਆ। ਸਾਬਕਾ ਸੈਨਿਕਾਂ ਨੇ ਮੋਮਬੱਤੀਆਂ ਜਗਾ ਕੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਤਰਨ ਤਾਰਨ (ਪੱਤਰ ਪ੍ਰੇਰਕ ): ਵਿਕਾਸ ਮੰਚ ਪੰਜਾਬ ਵਲੋਂ ਐਕਸ ਸਰਵਿਸ ਲੀਗ ਦੇ ਸਹਿਯੋਗ ਨਾਲ ਅੱਜ ਇਥੋਂ ਦੀ ਕਾਰਗਿਲ ਚੌਕ (ਬਾਈਪਾਸ ਅੰਮ੍ਰਿਤਸਰ-ਝਬਾਲ ਬਾਈਪਾਸ) ਤੇ ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਤ ‘ਵਿਜੈ ਦਿਵਸ’ ਮਨਾਇਆ ਗਿਆ। ਇਸ ਮੌਕੇ ਵਿਕਾਸ ਮੰਚ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਸੋਹਲ ਨੇ ਕਾਰਗਿਲ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ|