ਪੱਤਰ ਪ੍ਰੇਰਕ
ਭੁਲੱਥ, 9 ਅਕਤੂਬਰ
ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ’ਚ 5 ਕਿਲੋ 487 ਗ੍ਰਾਮ ਹੈਰੋਇਨ, 5 ਕਿਲੋ 550 ਗ੍ਰਾਮ ਅਫੀਮ, 100 ਕਿਲੋ ਤੋਂ ਵੱਧ ਭੁੱਕੀ, 5 ਕਿਲੋ ਤੋਂ ਵੱਧ ਗਾਂਜਾ, 62,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਤੇ ਡਰੱਗ ਮਨੀ 18.42 ਲੱਖ ਨਕਦੀ, 147 ਗ੍ਰਾਮ ਸੋਨਾ, 237 ਗ੍ਰਾਮ ਚਾਂਦੀ ਬਰਾਮਦ ਕੀਤੀ ਗਈ। ਇਸ ਤੋਂ ਨਸ਼ਾ ਤਸਕਰਾਂ ਦੇ 38 ਵਾਹਨ, ਜਿਨ੍ਹਾਂ ’ਚ 31 ਦੋ ਪਹੀਆ, 5 ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਕਪੂਰਥਲਾ ਪੁਲੀਸ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪਿਛਲੇ ਤਿੰਨ ਮਹੀਨਿਆਂ ’ਚ 209 ਨਸ਼ਾ ਤਸਕਰਾਂ ਨੂੰ ਕਾਬੂ ਕਰ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ। ਉਨ੍ਹਾਂ ਕਿਹਾ ਕਿ ਖੁਫ਼ੀਆ ਤੰਤਰ ਤੇ ਤਕਨਾਲੋਜੀ ਦੀ ਵਰਤੋਂ ਨਾਲ ਇਹ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਸਕਰਾਂ ’ਚ ਸ਼ਾਮਲ ਇਕ ਸਰਪੰਚ ਨੂੰ ਕਾਬੂ ਕੀਤਾ ਗਿਆ ਤੇ ਨਸ਼ਿਆਂ ਦੀ ਜਾਣਕਾਰੀ ਦੇਣ ਲਈ ਨੰਬਰ 95929-14519 ਆਮ ਲੋਕਾਂ ਲਈ ਜਾਰੀ ਕੀਤਾ ਗਿਆ, ਜਿਸ ’ਚ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਉਨ੍ਹਾਂ ਮਿਸ਼ਨ ਖ਼ਾਕੀ ਤਹਿਤ ਨੌਜਵਾਨਾਂ ਨੂੰ ਪੁਲੀਸ ਵੱਲੋਂ ਭਰਤੀ ਲਈ ਕੱਢੀਆਂ ਗਈਆਂ ਅਸਾਮੀਆਂ ਲਈ ਮੁਫ਼ਤ ਪੇਸ਼ੇਵਰ ਸਿਖਲਾਈ ਲੈ ਕੇ ਸਮਾਜ ਦੀ ਸੇਵਾ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।