ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਸਤੰਬਰ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ‘ਆਪ’ ਦੀ ਸਰਕਾਰ ਨੂੰ ਚਣੌਤੀ ਦਿੰਦਿਆ ਕਿਹਾ ਕਿ ਜੇ ਉਨ੍ਹਾਂ ਦੇ ਵਿਧਾਇਕਾਂ ਨੂੰ ਖ਼ਰੀਦਣ ਦੇ ਫੋਨ ਆਏ ਹਨ ਤਾਂ ਉਹ ਫੋਨ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਿਉਂ ਨਹੀਂ ਕਰਵਾ ਦਿੰਦੇ? ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਕਾਲੀਆ ਨੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਕੀ ‘ਆਪ’ ਵਿਧਾਇਕ ਵਿਕਾਊ ਹਨ? ਉਨ੍ਹਾਂ ਕਿਹਾ ਕਿ ਅੱਜ ‘ਆਪ’ ਝੂਠੇ ਮੁੱਦਿਆਂ ’ਤੇ ਰਾਜਨੀਤੀ ਕਰਕੇ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਕਾਲੀਆ ਨੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ, ਉਹ ਸਬੂਤ ਦਿੰਦਿਆਂ ਪ੍ਰਸ਼ਾਸਨ ਨੂੰ ਨੰਬਰ ਦੱਸ ਕੇ ਜਾਂਚ ਕਿਉਂ ਨਹੀਂ ਕਰਵਾ ਲੈਂਦੇ? ‘ਆਪ’ ਸਰਕਾਰ ਫੋਨ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਿਉਂ ਨਹੀਂ ਕਰ ਰਹੀ? ਕਾਲੀਆ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਭ ਝੂਠ ਹੈ। ਇਸੇ ਦੌਰਾਨ ਪ੍ਰੈੱਸ ਕਾਨਫਰੰਸ ’ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਹਾਜ਼ਰੀ ਵਿੱਚ ਲਗਪਗ ਡੇਢ ਦਰਜਨ ਕਾਂਗਰਸੀ ਆਗੂ ਤੇ ਵਰਕਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਕ੍ਰਿਸ਼ਨਦੇਵ ਭੰਡਾਰੀ, ਸੂਬਾਈ ਬੁਲਾਰੇ ਮਹਿੰਦਰ ਭਗਤ, ਸਾਬਕਾ ਮੇਅਰ ਸੁਨੀਲ ਜੋਤੀ ਆਦਿ ਹਾਜ਼ਰ ਸਨ।