ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਮਾਰਚ
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਨੇ ਜਥੇਬੰਦੀ ਦੇ ਬਾਨੀ ਕਾਮਰੇਡ ਜਸਵੰਤ ਸਿੰਘ ਸਮਰਾ ਦੀ 17ਵੀਂ ਬਰਸੀ ਬੱਸ ਸਟੈਂਡ ਜਲੰਧਰ ਦੇ ਨਾਲ ਕਾਮਰੇਡ ਜਸਵੰਤ ਸਮਰਾ ਹਾਲ ਵਿਚ ਸ਼ਰਧਾ ਨਾਲ ਮਨਾਈ ਗਈ। ਸਮਾਗਮ ਵਿਚ ਰੋਡਵੇਜ਼ ਦੇ ਵੱਖ-ਵੱਖ ਡਿੱਪੂਆਂ ਦੀ ਲੀਡਰਸ਼ਿਪ, ਵਰਕਰ, ਭਰਾਤਰੀ ਜਥੇਬੰਦੀਆਂ ਅਤੇ ਪੈਨਸ਼ਨਰਜ਼ ਸਾਥੀ ਸ਼ਾਮਲ ਹੋਏ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਰਾਜਿੰਦਰ ਮੰਡ ਨੇ ਕਾਮਰੇਡ ਸਮਰਾ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਮੁਲਾਜ਼ਮਾਂ ਦੇ ਘੋਲ ਨੂੰ ਸਮਰਪਿਤ ਕਰੀ ਰੱਖਿਆ। ਮੰਡ ਨੇ ਦਿੱਲੀ ’ਚ ਚੱਲ ਰਹੇ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਦੀ ਪੂਰਜ਼ੋਰ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡਣਾ ਚਾਹੀਦਾ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤੁਰੰਤ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਗੁਰਮੇਲ ਮੈਡਲੇ, ਅਵਤਾਰ ਗਗੜਾ, ਸੁਰਿੰਦਰ ਸਿੰਘ, ਗੁਰਚਰਨ ਸਿੰਘ ਬਟਾਲਾ, ਸਤਿਆਪਾਲ ਗੁਪਤਾ, ਜਗਤਾਰ ਸਿੰਘ ਭੂੰਗਰਨੀ, ਗੁਰਜੰਟ ਕਕਰੀ ਆਦਿ ਆਗੂਆਂ ਨੇ ਵੀ ਮੰਚ ਤੋਂ ਸੰਬੋਧਨ ਕੀਤਾ ਅਤੇ ਰੁਜ਼ਗਾਰ ਪ੍ਰਾਪਤੀ ਸਭਿਆਚਾਰਕ ਮੰਚ ਮਗਾ ਦੀ ਟੀਮ ਵੱਲੋਂ ਨਾਟਕ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ।