ਪੱਤਰ ਪ੍ਰੇਰਕ
ਗੜ੍ਹਸ਼ੰਕਰ, 27 ਜੂਨ
ਇਥੇ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਸਮੂਹ ਵੱਲੋਂ ਅੱਜ ਨਿੱਕੀਆਂ ਕਰੂੰਬਲਾਂ ਭਵਨ ਵਿੱਚ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਦੀ ਅਗਵਾਈ ਹੇਠ ਕਰਵਾਏ ਸਾਹਿਤਕ ਸਮਾਗਮ ਦੌਰਾਨ ਪਰਵਾਸੀ ਲੇਖਿਕਾ ਜਸਵੰਤ ਕੌਰ ਬੈਂਸ ਵੱਲੋਂ ਸੰਪਾਦਿਤ ਕਹਾਣੀ ਅਤੇ ਲੇਖ ਸੰਗ੍ਰਿਹ ਦੀ ਪੁਸਤਕ ‘ਜਾਣਾ ਏ ਉਸ ਪਾਰ’ ਰਿਲੀਜ਼ ਕੀਤੀ ਗਈ।
ਇਸ ਮੌਕੇ ਆਰਟਿਸਟ ਬੱਗਾ ਸਿੰਘ ਅਤੇ ਪ੍ਰਿੰਸੀਪਲ ਮਨਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਤਾਬ ਦੀ ਬਾਲ ਸਾਹਿਤ ਦੇ ਖੇਤਰ ਵਿੱਚ ਮਹੱਤਤਾ ਬਾਰੇ ਵਿਚਾਰ ਰੱਖੇ। ਇਸ ਮੌਕੇ ਕੁਲਦੀਪ ਕੌਰ ਬੈਂਸ ਅਤੇ ਸਤਵੰਤ ਕੌਰ ਸਹੋਤਾ ਨੇ ਕਿਹਾ ਕਿ ਇਸ ਪੁਸਤਕ ਦੇ ਲੇਖ ਅਤੇ ਕਵਿਤਾਵਾਂ ਬਾਲ ਮਨਾਂ ਦੀ ਮਾਨਸਿਕਤਾ ਦੇ ਅਨੁਕੂਲ ਹਨ। ਉਨ੍ਹਾਂ ਕਿਹਾ ਕਿ ਬਾਲ ਮਨ ਕਹਾਣੀ ਅਤੇ ਪੇਂਟਿੰਗ ਦੇ ਮਾਧਿਅਮ ਦੁਆਰਾ ਕਿਸੇ ਵੀ ਵਿਚਾਰ ਨੂੰ ਬਹੁਤ ਜਲਦ ਗ੍ਰਹਿਣ ਕਰਦਾ ਹੈ ਅਤੇ ਇਹ ਪੁਸਤਕ ਇਨ੍ਹਾਂ ਲੋੜਾਂ ਅਨੁਸਾਰ ਸਹੀ ਹੈ। ਇਸ ਮੌਕੇ ਅਵਤਾਰ ਸਿੰਘ ਤਾਰੀ, ਪੰਮੀ ਖੁਸ਼ਹਾਲਪੁਰੀ, ਸੁਖਮਨ ਸਿੰਘ ਅਤੇ ਰਜਮੀਤ ਕੌਰ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।