ਬੰਗਾ: ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਸਥਾਨਕ ਗੁਰੂ ਨਾਨਕ ਕਾਲਜ ਵਿੱਚ ਕਰਵਾਏ ਸਾਹਿਤ ਉਚਾਰਨ ਮੁਕਾਬਲੇ ਵਿੱਚ ਵਿਦਿਆਰਥਣਾਂ ਵੱਲੋਂ ਕਵਿਤਾਵਾਂ, ਗੀਤਾਂ ਅਤੇ ਤਕਰੀਰਾਂ ਰਾਹੀਂ ਖੂਬ ਰੰਗ ਬੰਨ੍ਹਿਆਂ ਗਿਆ। ਇਸ ਮੁਕਾਬਲੇ ਵਿੱਚ ਬੀਏ ਭਾਗ ਤੀਜਾ ਜਮਾਤ ਦੀ ਵਿਦਿਆਰਥਣ ਜੱਸੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਬੀਕਾਮ ਸਮੈਸਟਰ ਪਹਿਲਾ ਜਮਾਤ ਦੀ ਗੁਰਜੀਤ ਕੌਰ ਅਤੇ ਬੀਏ ਸਮੈਸਟਰ ਪਹਿਲਾ ਜਮਾਤ ਦੀ ਕਿਰਨਜੋਤ ਕੌਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨਾਮਾਂ ਦੀ ਵੰਡ ਕਰਦਿਆਂ ਸਮਾਜਿਕ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਜੇਤੂ ਵਿਦਿਆਰਥਣਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਮਾਜ ਦਾ ਨਜ਼ਰੀਆ ਬਦਲਣ ਲਈ ਮਹਿਲਾ ਵਰਗ ਦੇ ਸੰਘਰਸ਼ ਦੀ ਭਰਪੂਰ ਸ਼ਲਾਘਾ ਕੀਤੀ। ਕਾਲਜ ਦੇ ਪ੍ਰਿੰਸੀਪਲ ਸੰਦੀਪ ਕੌਰ ਨਾਗਰਾ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਮੋਨਿਕਾ ਸਾਹਨੀ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀ ਵਰਗ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਨ ਹਿੱਤ ਮਹੱਤਵਪੂਰਨ ਸਾਬਤ ਹੁੰਦੇ ਹਨ। -ਪੱਤਰ ਪ੍ਰੇਰਕ