ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 8 ਮਾਰਚ
ਨੇੜਲੇ ਪਿੰਡ ਅਲਾਵਲਪੁਰ ਦੀ ਜੈਸਮੀਨ ਪੁੱਤਰੀ ਨਵੀਨ ਯੂਕਰੇਨ ਤੋਂ ਘਰ ਪਰਤ ਆਈ ਹੈ। ਘਰ ਪਰਤਣ ’ਤੇ ਉਸ ਦੇ ਮਾਪਿਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਜੈਸਮੀਨ ਯੂਕਰੇਨ ਦੇ ਸ਼ਹਿਰ ਖਾਰਕੀਵ ਸ਼ਹਿਰ ਵਿੱਚ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ 2018 ਤੋਂ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸ ਦੀ ਪੜ੍ਹਾਈ ਦਾ ਇਹ ਚੌਥਾ ਸਾਲ ਹੈ। ਜੈਸਮੀਨ ਨੇ ਯੂਕਰੇਨ ਤੋਂ ਵਾਪਸ ਆਪਣੇ ਘਰ ਪਹੁੰਚਣ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਸ਼ਹਿਰ ਵਿੱਚ ਹੋ ਰਹੀ ਗੋਲਾਬਾਰੀ ਤੋਂ ਬੱਚਦੇ-ਬਚਾਉਂਦਿਆਂ ਰੇਲਵੇ ਸਟੇਸ਼ਨ ’ਤੇ ਪਹੁੰਚੇ, ਜਿੱਥੋਂ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਟਰੇਨ ਮਿਲੇਗੀ ਵੀ ਜਾ ਨਹੀਂ। ਟਰੇਨ ਮਿਲਣ ਤੋਂ ਬਾਅਦ ਉਹ ਲਵੀਫ ਤੱਕ ਪਹੁੰਚੇ ਅਤੇ ਉੱਥੋਂ ਬੱਸ ਲੈ ਕੇ ਉਹ ਯੂਕਰੇਨ ਬਾਰਡਰ ਤੱਕ ਪਹੁੰਚੇ ਜਿੱਥੋਂ ਪੈਦਲ ਚੱਲ ਕੇ ਉਹ ਹੰਗਰੀ ਜਾ ਪੁੱਜੇ। ਇੱਥੇ ਪਹੁੰਚਣ ’ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਮਦਦ ਕੀਤੀ ਤੇ ਉਸ ਦਾ ਵੀਜ਼ਾ ਲਵਾਇਆ ਅਤੇ ਹਵਾਈ ਜਹਾਜ਼ ਰਾਹੀਂ ਭਾਰਤ ਲੈ ਕੇ ਆਏ। ਉਸਨੇ ਦੱਸਿਆ ਕਿ ਉਹ ਯੂਕਰੇਨ ਤੋਂ ਦਿੱਲੀ ਤੱਕ ਮੁਫਤ ਆਈ ਹੈ ਉਸ ਦਾ ਕੋਈ ਕਿਰਾਇਆ ਨਹੀਂ ਲੱਗਿਆ। ਜੈਸਮੀਨ ਦੇ ਪਿਤਾ ਨਵੀਨ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਬੇਟੀ ਘਰ ਸੁਰੱਖਿਅਤ ਪਹੁੰਚ ਗਈ ਹੈ।