ਪੱਤਰ ਪ੍ਰੇਰਕ
ਹੁਸ਼ਿਆਰਪੁਰ, 13 ਅਗਸਤ
ਆਜ਼ਾਦੀ ਦਿਵਸ ਦੇ ਸਬੰਧ ’ਚ 13 ਤੋਂ 15 ਅਗਸਤ ਤੱਕ ਤਿਰੰਗਾ ਯਾਤਰਾਵਾਂ ਤੇ ਘਰ-ਘਰ ਕੌਮੀ ਝੰਡਾ ਮੁਹਿੰਮ ਤਹਿਤ ਭਾਜਪਾ ਦੇ ਸਪੋਰਟਸ ਸੈੱਲ ਵਲੋਂ ਸ਼ਹਿਰ ’ਚ ਤਿਰੰਗਾ ਯਾਤਰਾ ਕੱਢੀ ਗਈ। ਤਿਰੰਗਾ ’ਚ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਖੰਨਾ ਨੇ ਕਿਹਾ ਕਿ ਅੱਜ ਦੇਸ਼ ਨੂੰ ਅਜਿਹੇ ਕੌਮੀ ਸਮਾਗਮਾਂ ਦੀ ਲੋੜ ਹੈ ਜਿਨ੍ਹਾਂ ਵਿਚ ਪੂਰਾ ਦੇਸ਼ ਇਕ ਲੜੀ ਤਹਿਤ ਕੰਮ ਕਰੇ। ਭਾਜਪਾ ਸਪੋਰਟਸ ਸੈੱਲ ਦੇ ਸੂਬਾ ਪ੍ਰਧਾਨ ਡਾ. ਰਮਨ ਘਈ ਨੇ ਕਿਹਾ ਕਿ ਲੋਕਾਂ ਦੇ ਤਿਰੰਗਾ ਯਾਤਰਾ ਵਿਚ ਸ਼ਾਮਲ ਹੋਣ ਅਤੇ ਤਿਰੰਗੇ ਲਹਿਰਾਏ ਜਾਣ ਤੋਂ ਪਤਾ ਲੱਗਦਾ ਹੈ ਕਿ ਆਜ਼ਾਦੀ ਲਈ ਸ਼ਹੀਦ ਹੋਏ ਸ਼ਹੀਦਾਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਸਨਮਾਨ ਹੈ। ਇਸ ਯਾਤਰਾ ਵਿਚ ਜ਼ਿਲ੍ਹਾ ਪ੍ਰਧਾਨ ਮੋਹਿਤ ਸੰਧੂ ਤੋਂ ਇਲਾਵਾ ਡਾ. ਪੰਕਜ ਸ਼ਰਮਾ, ਮਨੋਜ ਸ਼ਰਮਾ, ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਵੀ ਸ਼ਾਮਲ ਹੋਏ।
ਚੇਤਨਪੁਰਾ (ਪੱਤਰ ਪ੍ਰੇਰਕ): ਕਸਬਾ ਰਾਜਾਸਾਸੀ ਵਿਖੇ ਭਾਰਤੀ ਜਨਤਾ ਪਾਰਟੀ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਪੈਦਲ ਤਿਰੰਗਾ ਮਾਰਚ ਕੀਤਾ ਗਿਆ। ਮਾਰਚ ਨੂੰ ਮੁੱਖ ਮਹਿਮਾਨ ਸੂਬਾ ਜਨਰਲ ਸਕੱਤਰ ਰਜੇਸ਼ ਬਾਘਾ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਦਿਆਲ ਸਿੰਘ ਔਲਖ ਵੱਲੋਂ ਹਰੀ ਝੰਡੀ ਦੇ ਕਿ ਰਵਾਨਾ ਕੀਤਾ ਗਿਆ ਜਿਸ ਵਿੱਚ ਹਲਕਾ ਰਾਜਾਸਾਂਸੀ ਤੋਂ ਸੈਂਕੜੇ ਭਾਜਪਾ ਵਰਕਰ ਸ਼ਾਮਲ ਹੋਏ।
ਐੱਸਐੱਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਤਿਰੰਗਾ ਰੈਲੀ
ਕਾਦੀਆਂ/ਧਾਰੀਵਾਲ (ਪੱਤਰ ਪ੍ਰੇਰਕ): ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ.ਐੱਸ.ਐੱਸ ਵਿਭਾਗ ਦੇ ਲੜਕੇ/ਲੜਕੀਆਂ, ਐੱਨਸੀਸੀ ਵਾਲੰਟੀਅਰ ਸਮੂਹ ਕੈਡਿਟਾਂ ਤੇ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਤਿਰੰਗਾ ਰੈਲੀ ਕੱਢੀ ਗਈ। ਇਸ ਮੌਕੇ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਤੇ ਮੈਂਬਰਾਂ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਦੇਸ਼ ਤੇ ਕੌਮ ਦੀ ਸੇਵਾ ਦਾ ਸੰਕਲਪ ਲੈਣ ਲਈ ਪ੍ਰੇਰਿਆ। ਤਿਰੰਗਾ ਰੈਲੀ ਵਿੱਚ ਕਾਲਜ ਦਾ ਸਟਾਫ ਵੀ ਸ਼ਾਮਲ ਹੋਇਆ।