ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਸਤੰਬਰ
ਬਿਜਲੀ ਦੀ ਮੰਗ ਘੱਟ ਹੋਣ ਦੇ ਨਾਲ ਹੀ ਪਾਵਰਕੌਮ ਨੇ ਵੀਰਵਾਰ ਦੀ ਥਾਂ ਐਤਵਾਰ ਨੂੰ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਵੀਰਵਾਰ ਨੂੰ ਕੱਟ ਨਹੀਂ ਲੱਗਿਆ ਕਰੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨ ਮਹੀਨੇ ਪਹਿਲਾਂ ਬਿਜਲੀ ਦੀ ਮੰਗ ਜ਼ਿਆਦਾ ਹੋਣ ਕਾਰਨ ਹਰ ਵੀਰਵਾਰ ਨੂੰ ਕੱਟ ਲਾਇਆ ਸੀ। ਐਤਵਾਰ ਤੇ ਵੀਰਵਾਰ ਨੂੰ ਉਦਯੋਗਾਂ ਨੂੰ ਰੋਜ਼ਾਨਾ 10 ਫੀਸਦੀ ਕਾਰੋਬਾਰ ਪ੍ਰਭਾਵਿਤ ਹੁੰਦਾ ਰਿਹਾ ਸੀ। ਸਨਅਤੀ ਜਥੇਬੰਦੀਆਂ ਦੀ ਮੰਗ ਕਾਰਨ ਪਾਵਰਕੌਮ ਨੇ ਵੀਰਵਾਰ ਦੀ ਥਾਂ ਐਤਵਾਰ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਹੁਣ ਐਤਵਾਰ ਨੂੰ 6.30 ਘੰਟੇ ਬਿਜਲੀ ਬੰਦ ਰੱਖੀ ਜਾ ਰਹੀ ਹੈ। ਪਾਵਰਕੌਮ ਦੇ ਡਿਪਟੀ ਚੀਫ ਇੰਜਨੀਅਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਬਿਜਲੀ ਦੀ ਮੰਗ ਘੱਟ ਹੋਣ ਕਾਰਨ ਵੀਰਵਾਰ ਨੂੰ ਸਨਅਤ ’ਤੇ ਕੱਟ ਨਹੀਂ ਲਗਾਇਆ ਜਾ ਰਿਹਾ। ਫੀਡਰਾਂ ਦੀ ਮੁਰੰਮਤ ਕਰਨ ਲਈ ਕੱਟ ਲਾਏ ਜਾ ਰਹੇ ਸਨ। ਬਿਜਲੀ ਦੀ ਮੰਗ ਘੱਟ ਹੋਣ ਕਾਰਨ ਸ਼ਹਿਰ ਵਿੱਚ ਕੋਈ ਕੱਟ ਨਹੀਂ ਲਗਾਇਆ ਜਾ ਰਿਹਾ।