ਪਾਲ ਸਿੰਘ ਨੌਲੀ
ਜਲੰਧਰ, 10 ਸਤੰਬਰ
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ’ਚ ਭਾਜਪਾ ਨੂੰ ਜ਼ੋਰਦਾਰ ਝਟਕਾ ਲੱਗਿਆ ਹੈ। ਭਾਰਤੀ ਜਨਤਾ ਪਾਰਟੀ ਦੇ 4 ਕੌਂਸਲਰਾਂ ਸਮੇਤ 10 ਆਗੂਆਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਵਾਰਡ ਨੰਬਰ 77 ਤੋਂ ਕੌਂਸਲਰ ਸ਼ਵੇਤਾ ਧੀਰ, ਵਾਰਡ ਨੰਬਰ 41 ਤੋਂ ਕੌਂਸਲਰ ਅਨੀਤਾ, ਵਾਰਡ ਨੰਬਰ 40 ਤੋਂ ਕੌਂਸਲਰ ਵੀਰੇਸ਼ ਮਿੰਟੂ ਅਤੇ ਕੌਂਸਲਰ ਚੰਦਰਜੀਤ ਕੌਰ ਸੰਧਾ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ।
ਭਾਜਪਾ ਕੌਂਸਲਰ ਸ਼ਵੇਤਾ ਧੀਰ ਦੇ ਪਤੀ ਵਿਨੀਤ ਧੀਰ, ਕੌਂਸਲਰ ਅਨੀਤਾ ਦੇ ਪਤੀ ਪ੍ਰਭਦਿਆਲ, ਜਲੰਧਰ ਪੱਛਮੀ ਭਾਜਪਾ ਮੰਡਲ ਨੌਂ ਦੇ ਪ੍ਰਧਾਨ ਸੌਰਭ ਸੇਠ, ਭਾਜਪਾ ਆਗੂ ਐਡਵੋਕੇਟ ਅਮਿਤ ਸੰਘਾ, ਜਤਿੰਦਰ ਕੌਰ ਭਗਤ ਅਤੇ ਉਨ੍ਹਾਂ ਦੇ ਪਤੀ ਧੀਰਜ ਭਗਤ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਭਾਜਪਾ ਵਿੱਚ ਕਈ ਅਹਿਮ ਅਹੁਦਿਆਂ ’ਤੇ ਰਹੇ ਵਿਨੀਤ ਧੀਰ ਅਤੇ ਉਨ੍ਹਾਂ ਦੀ ਪਤਨੀ ਵਾਰਡ ਨੰਬਰ 77 ਦੀ ਕੌਂਸਲਰ ਸ਼ਵੇਤਾ ਧੀਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵਿੱਚ ਆਪਣੀ ਹੋਂਦ ਅਤੇ ਅਪਮਾਨ ਤੋਂ ਦੁਖੀ ਹੋ ਕੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਅਸਤੀਫਾ ਪੱਤਰ ’ਚ ਦੋਵਾਂ ਪਤੀ-ਪਤਨੀ ਨੇ ਭਾਜਪਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਆਪਣੇ ਅਸਤੀਫ਼ੇ ਪੰਜਾਬ ਦੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭੇਜ ਦਿੱਤੇ ਹਨ।
ਆਪਣੇ ਅਸਤੀਫ਼ੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਜ਼ਮੀਨ ਨਾਲ ਜੁੜੇ ਕਿਸੇ ਵੀ ਵਿਅਕਤੀ ਦੀ ਕੋਈ ਵੁੱਕਤ ਨਹੀਂ ਹੈ। ਵਿਨੀਤ ਧੀਰ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਹੈ ਕਿ 2017 ਵਿੱਚ ਮਾੜੇ ਹਾਲਾਤ ਵਿੱਚ ਵੀ ਉਨ੍ਹਾਂ ਨੇ ਜਲੰਧਰ ਨਗਰ ਨਿਗਮ ਦੀ ਚੋਣ ਭਾਰੀ ਵੋਟਾਂ ਨਾਲ ਜਿੱਤੀ ਸੀ। ਨਿਗਮ ਵਿੱਚ ਵਿਰੋਧੀ ਧਿਰ ਹੋਣ ਕਾਰਨ ਉਨ੍ਹਾਂ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਸਿਆਸੀ ਬਦਨਾਮੀ ਕਰਨ ਲਈ ਸੱਤਾਧਾਰੀ ਧਿਰ ਨੇ ਚਾਰ ਐੱਫਆਈਆਰ ਵੀ ਦਰਜ ਕੀਤੀਆਂ ਗਈਆਂ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਪਾਰਟੀ ਪੱਧਰ ’ਤੇ ਕਿਸੇ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਪਰ ਫਿਰ ਵੀ ਉਹ ਨਿਡਰਤਾ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਤੋਂ ਸੁਸ਼ੀਲ ਸ਼ਰਮਾ ਨੂੰ ਮੁਖੀ ਦਾ ਅਹੁਦਾ ਮਿਲਿਆ ਹੈ, ਉਦੋਂ ਤੋਂ ਇਹ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੂੰ ਕਿਸੇ ਵੀ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਭਾਜਪਾ ਵਿੱਚ ਹਰ ਕੋਈ ਘੁਟਣ ਮਹਿਸੂਸ ਕਰ ਰਿਹਾ ਹੈ। ਉਧਰ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਨੇ ਦੋਸ਼ਾਂ ਨੂੰ ਮੁੱਢ ਤੋਂ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਵਿਸਥਾਰ ਸਾਰੇ ਦੇਸ਼ ਵਿੱਚ ਹੋ ਰਿਹਾ ਹੈ ਤੇ ਜਲੰਧਰ ਸ਼ਹਿਰ ਵਿੱਚ ਪਾਰਟੀ ਮਜ਼ਬੂਤ ਹੋਈ ਹੈ।