ਪੱਤਰ ਪ੍ਰੇਰਕ
ਫਗਵਾੜਾ, 24 ਜੂਨ
ਹਦੀਆਬਾਦ ਖੇਤਰ ਵਿੱਚ ਅੱਜ ਸ਼ਾਮ ਉਸ ਸਮੇਂ ਪੁਲੀਸ ਨਾਕੇ ’ਤੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਡਿਊਟੀ ’ਤੇ ਤਾਇਨਾਤ ਥਾਣੇਦਾਰ ਨੇ ਇੱਕ ਐਕਟਿਵਾ ਚਾਲਕ ਦਾ ਰੈੱਡ ਲਾਈਟ ਜੰਪ ਕਰਨ ਦਾ ਚਾਲਾਨ ਕੱਟ ਦਿੱਤਾ ਜਦਕਿ ਉੱਥੇ ਕੋਈ ਰੈੱਡ ਲਾਈਟ ਨਹੀਂ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਵਿਕਾਸ ਕੁਮਾਰ ਵਾਸੀ ਗੁਰੂ ਨਾਨਕਪੁਰਾ ਜੋ ਉੱਥੋਂ ਲੰਘ ਰਿਹਾ ਸੀ ਤਾਂ ਪੁਲੀਸ ਨੇ ਉਸ ਨੂੰ ਨਾਕੇ ’ਤੇ ਰੋਕ ਕੇ ਕਾਗਜ਼ ਚੈੱਕ ਕੀਤੇ ਤਾਂ ਹੈਲਮੇਟ ਨਹੀਂ ਪਹਿਨਿਆ ਹੋਇਆ ਸੀ ਤਾਂ ਪੁਲੀਸ ਕਰਮੀਆਂ ਨੇ ਉਸ ਦਾ ਰੈੱਡ ਲਾਈਟ ਜੰਪ ਕਰਨ ਦਾ ਚਾਲਾਨ ਕੱਟ ਦਿੱਤਾ ਜਦਕਿ ਉਥੇ ਰੈੱਡ ਲਾਈਟ ਨਹੀਂ ਸੀ ਤੇ ਉਸ ਪਾਸੋਂ 500 ਰੁਪਏ ਦਾ ਜੁਰਮਾਨਾ ਵਸੂਲ ਲਿਆ। ਪੀਸੀਆਰ ਦੇ ਏਐੱਸਆਈ ਚੰਦਪਾਲ ਨੇ ਕਿਹਾ ਕਿ ਐਕਟਿਵਾ ਚਾਲਕ ਦੀ ਸਪੀਡ 60 ਤੋਂ ਜ਼ਿਆਦਾ ਸੀ ਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਕਰਕੇ ਉਸ ਦਾ ਚਾਲਾਨ ਕੱਟਿਆ ਗਿਆ ਹੈ। ਉਧਰ ਪੀਸੀਆਰ ਇੰਚਾਰਜ ਮਲਕੀਅਤ ਚੰਦ ਦਾ ਜਦੋਂ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਿਰਫ਼ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਅਸੀਂ ਰੁਕਣ ਦਾ ਚਾਲਾਨ ਕੀਤਾ ਹੈ ਨਾ ਕਿ ਰੈੱਡ ਲਾਈਟ ਦਾ ਕੀਤਾ ਗਿਆ।