ਲਾਜਵੰਤ ਸਿੰਘ
ਨਵਾਂਸ਼ਹਿਰ, 9 ਜੂਨ
ਕਿਰਤੀ ਕਿਸਾਨ ਯੂਨੀਅਨ ਵੱਲੋਂ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਬਦਲਕੇ ਕੁਦਰਤੀ ਤੇ ਕਿਸਾਨ ਪੱਖੀ ਖੇਤੀ ਮਾਡਲ ਲਾਗੂ ਕਰਵਾਉਣ ਲਈ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ’ਤੇ ਬਾਬਾ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ’ਚ ਕਾਨਫਰੰਸ ਕੀਤੀ ਗਈ। ਕਾਨਫਰੰਸ ਦੀ ਪ੍ਰਧਾਨਗੀ ਕਸ਼ਮੀਰ ਸਿੰਘ ਮੱਲਪੁਰ, ਸੁਰਿੰਦਰ ਸਿੰਘ ਮਹਿਰਮਪੁਰ, ਬਿੱਕਰ ਸਿੰਘ ਸ਼ੇਖੂਪੁਰ, ਅਵਤਾਰ ਸਿੰਘ ਕੱਟ, ਮਨਜੀਤ ਕੌਰ ਅਲਾਚੌਰ, ਗੁਰਜੀਤ ਕੌਰ ਰਾਮਰਾਇਪੁਰ ਆਦਿ ਨੇ ਕੀਤੀ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੋਹਨ ਸਿੰਘ ਅਟਵਾਲ, ਸੁਰਜੀਤ ਕੌਰ ਉਟਾਲ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸਕਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਇਨਸਾਫ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਪੰਜਾਬ ਨੂੰ ਸੰਕਟ ਵਿੱਚੋਂ ਕੱਢਣ ਲਈ ਮੌਜੂਦਾ ਖੇਤੀ ਮਾਡਲ ਦੀ ਥਾਂ ਨਵਾਂ ਤੇ ਕਿਸਾਨ ਪੱਖੀ ਖੇਤੀ ਮਾਡਲ ਲਾਗੂ ਕਰਾਉਣ ਲਈ ਕਮਰਕੱਸੇ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹਵਾ ਪਾਣੀ ਮਿੱਟੀ ਪ੍ਰਦੂਸ਼ਣ ਦਾ ਗੰਭੀਰ ਹੈ ਤੇ ਪੰਜਾਬੀ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ। ਮਸਲਾ ਝੋਨੇ ਦੀ ਤਰੀਕ ਜਾਂ ਤਰੀਕਾ ਨਹੀਂ। ਇਸ ਲਈ ਪੰਜਾਬ ’ਚ ਝੋਨੇ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਪੰਜਾਬ ’ਚ ਕਣਕ ਝੋਨੇ ਦਾ ਫਸਲੀ ਚੱਕਰ ਬਦਲ ਕੇ ਖੇਤੀ ਨੂੰ ਜ਼ੋਨਾਂ ਵਿੱਚ ਵੰਡਿਆ ਜਾਵੇ। ਆਗੂਆਂ ਨੇ ਕਿਹਾ ਕੇ ਪੰਜਾਬ ’ਚ ਦਾਲਾਂ ਹੇਠ ਰਕਬਾ ਵਧਾਇਆ ਜਾਵੇ। ਬਾਗਬਾਨੀ ਹੇਠ ਖੇਤੀ ਰਕਬੇ ਦਾ ਸਿਰਫ 2।2 ਫੀਸਦੀ ਖੇਤਰ ਹੈ। ਜਦੋਂਕਿ ਪੰਜਾਬ ਵਿੱਚ 25 ਤੋਂ ਵੱਧ ਕਿਸਮਾਂ ਦਾ ਫਲ ਹੋ ਸਕਦਾ ਹੈ। ਪੰਜਾਬ ’ਚ ਪਸ਼ੂ ਪਾਲਣ ਦਾ ਕਿੱਤਾ ਵਧ ਸਕਦਾ ਹੈ ਤੇ ਬਹੁਤ ਸਾਰਾ ਰਕਬਾ ਹਰੇ ਚਾਰੇ ਅਧੀਨ ਆ ਸਕਦਾ ਹੈ। ਨਹਿਰੀ ਪਾਣੀ ਦੀ ਸਹੂਲਤ ਦੇ ਕੇ ਜ਼ਮੀਨ ’ਚੋਂ ਕੱਢਿਆ ਜਾਂਦਾ ਪਾਣੀ ਬਚਾਇਆ ਜਾ ਸਕਦਾ ਹੈ। ਨਾਲ ਹੀ ਦਰਿਆਈ ਪਾਣੀਆਂ ’ਚ ਜ਼ਹਿਰੀਲਾ ਮਾਦਾ ਮਿਲਾਉਣ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇ। ਯੂਨੀਵਰਸਿਟੀ ਨੇ ਝੋਨੇ ਤੇ ਕਣਕ ਦੀਆਂ ਕਈ ਗੁਣਾ ਵਧ ਝਾੜ ਵਾਲੀਆਂ ਕਿਸਮਾਂ ਦੀ ਖੋਜ ਕਰ ਲਈ ਪਰ ਦਾਲਾਂ ਦਾ ਝਾੜ ਦਹਾਕਿਆਂ ਤੋਂ ਉਥੇ ਹੀ ਖੜ੍ਹਾ ਹੈ। ਇਸੇ ਤਰ੍ਹਾਂ ਬੀਜ ਦੇ ਕਾਰੋਬਾਰ ’ਚੋਂ ਕਾਰਪੋਰੇਟ ਨੂੰ ਮੁਕੰਮਲ ਬਾਹਰ ਕਰਨਾ ਚਾਹੀਦਾ ਤੇ ਸਥਾਨਕ ਬੀਜਾਂ ਦਾ ਝਾੜ ਵਧਾਉਣ ਲਈ ਖੋਜ ਕਰਨੀ ਚਾਹੀਦੀ ਹੈ।
ਇਸ ਮੌਕੇ ਪ੍ਰੀਤਮ ਸਿੰਘ ਲੱਲੀਆਂ, ਅਲੀਸ਼ਾ ਕਾਠਗੜ੍ਹ, ਸਿਮਰਨਜੀਤ ਕੌਰ ਸਜਾਵਲਪੁਰ ਨੇ ਗੀਤ ਪੇਸ਼ ਕੀਤੇ।
ਝੋਨੇ ਦੀ ਥਾਂ ਹੋਰ ਫਸਲਾਂ ਦੀ ਕਾਸ਼ਤ ਕਰਨ ’ਤੇ ਜ਼ੋਰ
ਅਜਨਾਲਾ (ਪੱਤਰ ਪ੍ਰੇਰਕ) ਕਿਰਤੀ ਕਿਸਾਨ ਯੂਨੀਅਨ ਨੇ ਅੱਜ ਬਾਬਾ ਬੰਦਾ ਸਿੰਘ ਬਹਾਦੁਰ ਦੇ ਸ਼ਹੀਦੀ ਦਿਹਾੜੇ ਤੇ ਇੱਥੇ ਆਜ਼ਾਦੀ ਦੇ ਸ਼ਹੀਦਾਂ ਦੀ ਯਾਦਗਾਰ ਕਾਲਿਆਂ ਵਾਲੇ ਖੂਹ ’ਤੇ ਜ਼ਿਲ੍ਹਾ ਪੱਧਰੀ ਕਾਨਫਰੰਸ ਕਰਕੇ ਖੇਤੀ ਮਾਡਲ ਬਦਲਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਤੇ ਸੂਬਾ ਕਮੇਟੀ ਮੈਂਬਰ ਤੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸਹਿੰਸਰਾ ਨੇ ਕਿਹਾ ਕਿ ਪੰਜਾਬ ’ਚ ਹਵਾ ਪਾਣੀ ਮਿੱਟੀ ਪ੍ਰਦੂਸ਼ਣ ਦਾ ਗੰਭੀਰ ਸੰਕਟ ਹੈ। ਕਿਸਾਨ ਆਗੂਆਂ ਨੇ ਕਿਹਾ ਪੰਜਾਬ ’ਚ ਲੱਖਾਂ ਹੈਕਟੇਅਰ ਬਾਗਬਾਨੀ ਹੇਠ ਰਕਬਾ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਦੀ ਸਹੂਲਤ ਸਾਰਾ ਸਾਲ ਦੇ ਕੇ ਜ਼ਮੀਨ ’ਚੋਂ ਪਾਣੀ ਕੱਢਣਾ ਰੋਕਿਆ ਜਾ ਸਕਦਾ ਹੈ ਤੇ 30 ਫੀਸਦੀ ਪਾਣੀ ਪਾਈਪਾਂ ਰਾਹੀਂ 70 ਫੀਸਦੀ ਤੁਪਕਾ ਪ੍ਰਣਾਲੀ ਰਾਹੀਂ ਤੇ 60 ਫੀਸਦੀ ਫੁਹਾਰਾ ਸਿਸਟਮ ਰਾਹੀਂ ਬਚਾਇਆ ਜਾ ਸਕਦਾ ਹੈ।