ਪੱਤਰ ਪ੍ਰੇਰਕ
ਫਗਵਾੜਾ, 5 ਜੁਲਾਈ
ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੇ ਅੱਜ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦਾ ਦੌਰਾ ਕਰਕੇ ਪ੍ਰਾਪਰਟੀ ਟੈਕਸਾਂ ਦੀ ਪੜਤਾਲ ਕੀਤੀ। ਕਮਿਸ਼ਨਰ ਵਲੋਂ ਹਰਗੋਬਿੰਦ ਨਗਰ, ਬੰਗਾ ਰੋਡ ਇਲਾਕੇ ਦੇ ਬਾਜ਼ਾਰਾਂ ਦਾ ਦੌਰਾ ਕਰਕੇ ਰਿਹਾਇਸ਼ੀ, ਵਪਾਰਕ ਤੇ ਉਦਯੋਗਿਕ ਇਕਾਈਆਂ ਵਲੋਂ ਅਦਾ ਕੀਤੇ ਜਾ ਰਹੇ ਟੈਕਸਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਬਿਲਡਿੰਗ ਬ੍ਰਾਂਚ ਨੂੰ ਸਾਲ 2022-23 ਲਈ ਟੈਕਸ ਅਦਾ ਕਰਨ ਵਾਲਿਆਂ ਦੇ ਖੇਤਰ ਦੀ ਤਸਦੀਕ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਸਬੰਧਤ ਧਿਰ ਨੇ 30.9.22 ਤੋਂ ਪਹਿਲਾ ਟੈਕਸ ਅਦਾ ਕੀਤਾ ਹੈ ਤਾਂ ਉਹ ਸੰਸਥਾ 10 ਫ਼ੀਸਦ ਛੋਟ ਦੀ ਹੱਕਦਾਰ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੂਰੇ ਸਾਲ ਦਾ ਟੈਕਸ ਅਜੇ ਤੱਕ ਨਹੀਂ ਦਿੱਤਾ ਗਿਆ ਤਾਂ ਇਸ ਮਾਮਲੇ ’ਚ ਡਿਫਾਲਟਰਾਂ ’ਤੇ 20 ਫ਼ੀਸਦ ਜੁਰਮਾਨਾ ਤੇ 18 ਫ਼ੀਸਦ ਸਾਲਾਨਾ ਵਿਆਜ ਲੱਗੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਬਕਾਏ ਸਮੇਂ ਸਿਰ ਅਦਾ ਕਰਨ। ਉਨ੍ਹਾਂ ਦੱਸਿਆ ਕਿ ਲੋਕ ਟੈਕਸ ਦਾ ਭੁਗਤਾਨ ਆਨਲਾਈਨ ਵੀ ਕਰ ਸਕਦੇ ਹਨ।